ਆਤਿਸ਼ ਗੁਪਤਾ
ਚੰਡੀਗੜ੍ਹ, 12 ਅਪਰੈਲ
ਪੈਟਰੋਲ/ਡੀਜ਼ਲ ਅਤੇ ਸੀਐੱਨਜੀ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਟ੍ਰਾਈਸਿਟੀ ਦੇ ਕੈਬ ਚਾਲਕਾਂ ਨੇ ਅੱਜ ਹੜਤਾਲ ਕੀਤੀ ਜਦੋਂ ਕਿ ਆਟੋ ਵਾਲੇ ਹੜਤਾਲ ’ਚੋਂ ਗਾਇਬ ਰਹੇ। ਕੈਬ ਡਰਾਈਵਰ ਅੱਜ ਸੈਕਟਰ 17 ਵਿੱਚ ਇਕੱਠੇ ਹੋਏ। ਇਸ ਮਗਰੋਂ ਸੈਕਟਰ 18 ਸਥਿਤ ਸਟੇਟ ਟਰਾਂਸਪੋਰਟ ਅਥਾਰਟੀ ਦੇ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਦੂਜੇ ਪਾਸੇ ਕੈਬ ਚਾਲਕਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਕੈਬ ਚਾਲਕ ਵਿਕਰਮ ਪੁੰਡੀਰ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਟ੍ਰਾਈਸਿਟੀ ਦੇ ਕੈਬ ਚਾਲਕਾਂ ਲਈ ਕੁਝ ਦਿਨ ਪਹਿਲਾਂ ਨਵੀਂਆ ਦਰਾਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਕਰ ਦਿੱਤਾ ਸੀ ਪਰ ਕੈਬ ਕੰਪਨੀਆਂ ਵੱਲੋਂ ਯੂਟੀ ਪ੍ਰਸ਼ਾਸਨ ਦੀਆਂ ਨਵੀਆਂ ਦਰਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਕੈਬ ਚਾਲਕਾਂ ਨੇ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਕੈਬ ਕੰਪਨੀਆਂ ਤੋਂ ਨਵੀਂ ਦਰਾਂ ਦੀ ਪਾਲਣਾ ਕਰਵਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕੈਬ ਕੰਪਨੀਆਂ ਅਤੇ ਪ੍ਰਸ਼ਾਸਨ ਵਿਚਕਾਰ ਟੈਕਸ ਦੀ ਬਕਾਇਆ ਰਾਸ਼ੀ ਦਾ ਕੋਈ ਮਾਮਲਾ ਚੱਲ ਰਿਹਾ ਹੈ, ਅਜਿਹੇ ’ਚ ਕੈਬ ਚਾਲਕਾਂ ਨੂੰ ਤੰਗ ਨਾ ਕੀਤਾ ਜਾਵੇ।
ਕੈਬ ਚਾਲਕਾਂ ਨੇ ਮੰਗ ਕੀਤੀ ਕਿ ਸੀਟੀਯੂ ਬੱਸ ਸਟਾਪ ਦੀ ਤਰਜ਼ ’ਤੇ ਕੈਬ ਚਾਲਕਾਂ ਲਈ ਵੀ ਸਵਾਰੀਆਂ ਦੇ ਚੜ੍ਹਨ ਤੇ ਉਤਰਨ ਲਈ ਪੁਆਇੰਟ ਬਣਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਏਅਰਪੋਰਟ ਵਿੱਚ ਕੈਬ ਚਾਲਕਾਂ ਦੀ ਨਿੱਤ ਆਵਾਜਾਈ ਰਹਿੰਦੀ ਹੈ, ਜਿਸ ਕਰ ਕੇ ਗੱਡੀ ਖੜ੍ਹਾਉਣ ਵਿੱਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕੈਬ ਚਾਲਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਥਾਵਾਂ ’ਤੇ ਬਣੇ ਟੈਕਸੀ ਸਟੈਂਡ ਕੈਬ ਲਈ ਮੁਫ਼ਤ ਕੀਤੇ ਜਾਣ। ਇਸ ਮੌਕੇ ਪੀਕੇਐਲ ਕੈਬ ਯੂਨੀਅਨ ਦੇ ਪ੍ਰਧਾਨ ਸੋਮਬੀਰ, ਪਰਵੇਸ਼ ਕੁਮਾਰ, ਹਰਪ੍ਰੀਤ ਸੈਣੀ, ਸੁਮੀਤ ਛਾਬੜਾ, ਰਜਨੀਸ਼ ਕੁਮਾਰ, ਪਵਨ ਕੁਮਾਰ, ਮਲਕੀਤ ਸਿੰਘ, ਸਤਪਾਲ, ਮੁਕੇਸ਼ ਕੁਮਾਰ ਅਤੇ ਹੋਰ ਕੈਬ ਚਾਲਕ ਹਾਜ਼ਰ ਰਹੇ।
ਟ੍ਰਾਈਸਿਟੀ ਵਿੱਚ ਕੈਬ ਚਾਲਕਾਂ ਦੀ ਹੜਤਾਲ ਕਰਕੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਚੰਡੀਗੜ੍ਹ ਵਿੱਚ ਬੈਂਕਿੰਗ ਦੀ ਤਿਆਰੀ ਕਰ ਰਹੇ ਤਨਮਯ ਸ਼ਰਮਾ ਨੇ ਦੱਸਿਆ ਕਿ ਉਹ ਜ਼ੀਰਕਪੁਰ ਰਹਿੰਦਾ ਹੈ ਅਤੇ ਨਿੱਤ ਕੈਬ ਰਾਹੀਂ ਕੋਚਿੰਗ ਇੰਸਟੀਚਿਊਟ ਪਹੁੰਚਦਾ ਹੈ। ਅੱਜ ਕੈਬ ਚਾਲਕਾਂ ਦੀ ਹੜਤਾਲ ਕਰਕੇ ਉਹ ਪ੍ਰੇਸ਼ਾਨ ਹੋਇਆ।
ਚੰਡੀਗੜ੍ਹ ਵਿੱਚ ਰਹਿਣ ਵਾਲੀ ਮਨੀਸ਼ਾ ਨੇ ਦੱਸਿਆ ਕਿ ਕੈਬ ਚਾਲਕਾਂ ਦੀ ਹੜਤਾਲ ਕਰਕੇ ਬਹੁਤ ਘੱਟ ਗਿਣਤੀ ਵਿੱਚ ਕੈਬਜ਼ ਚੱਲ ਰਹੀਆਂ ਸਨ, ਉਨ੍ਹਾਂ ਦਾ ਕਿਰਾਇਆ ਆਮ ਦਿਨਾਂ ਦੇ ਮੁਕਾਬਲੇ ਬਹੁਤ ਵੱਧ ਸੀ। ਕੈਬ ਚਾਲਕਾਂ ਦੀ ਹੜਤਾਲ ਕਰਕੇ ਆਮ ਦਿਨਾਂ ਨਾਲੋਂ ਵੱਧ ਅਦਾਇਗੀ ਕਰਨੀ ਪਈ ਹੈ। ਇਸ ਤਰ੍ਹਾਂ ਪੀਜੀਆਈ, ਪੰਜਾਬ ਯੂਨੀਵਰਸਿਟੀ ਸਣੇ ਸ਼ਹਿਰ ਵਿੱਚ ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋਈ ਹੈ।
ਹੜਤਾਲ ਵਿੱਚੋਂ ਗਾਇਬ ਰਹੇ ਆਟੋ ਵਾਲੇ
ਕੈਬ ਚਾਲਕਾਂ ਦੇ ਨਾਲ ਆਟੋ ਚਾਲਕਾਂ ਨੇ ਵੀ ਹੜਤਾਲ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਸੀ ਪਰ ਅੱਜ ਉਹ ਹੜਤਾਲ ਵਿੱਚੋਂ ਗਾਇਬ ਰਹੇ। ਕੈਬ ਨਾ ਚੱਲਣ ਕਰਕੇ ਆਟੋ ਚਾਲਕਾਂ ਨੇ ਵਸੂਲੀ ਵੀ ਪਹਿਲਾਂ ਨਾਲੋਂ ਵੱਧ ਕੀਤੀ।