ਪੱਤਰ ਪ੍ਰੇਰਕ
ਚੰਡੀਗੜ੍ਹ, 19 ਜੂਨ
ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈਆਂ ਝੜਪਾਂ ਦੌਰਾਨ ਦੇਸ਼ ਦੀ ਰਖਵਾਲੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਫੌਜੀਆਂ ਨੂੰ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਅਤੇ ਸਟੇਟ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ।
ਭਾਜਪਾ ਆਗੂ ਅਰੁਣ ਸੂਦ ਨੇ ਕਿਹਾ ਕਿ ਭਾਰਤ ਦੀ ਆਖੰਡਤਾ ਦੀ ਰਾਖੀ ਕਰਨ ਤੋਂ ਦੇਸ਼ ਵਾਸੀਆਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ’ਤੇ ਮਾਣ ਹੈ ਅਤੇ ਬਹਾਦਰੀ ਸਾਡੇ ਦੇਸ਼ ਵਾਸੀਆਂ ਦਾ ਚਰਿੱਤਰ ਹੈ। ਉਨ੍ਹਾਂ ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤੀ ਫੌਜੀਆਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਇਸ ਮੌਕੇ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟਾਂ ਦਾ ਮੌਨ ਵੀ ਧਾਰਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਭਾਜਪਾ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਸੇੇ ਵੀ ਹਾਲਤ ਵਿੱਚ ਚੀਨ ਵਿੱਚ ਬਣਿਆ ਸਾਮਾਨ ਨਹੀਂ ਖਰੀਦਣਾ ਹੈ। ਇਸ ਮੌਕੇ ਜਨਰਲ ਸਕੱਤਰ ਰਾਮਬੀਰ ਭੱਟੀ ਤੇ ਅਮਿਤ ਰਾਣਾ ਵੀ ਹਾਜ਼ਰ ਸਨ।