ਮੁੱਖ ਅੰਸ਼
- ਸੈਕਟਰ-17 ਦੇ ਪੁਲੀਸ ਗਰਾਊਂਡ ਵਿੱਚ ਕਰਵਾਇਆ ਗਿਆ ਸਮਾਗਮ
- ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲੀਸ ਅਧਿਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਿਆ
ਆਤਿਸ਼ ਗੁਪਤਾ
ਚੰਡੀਗੜ੍ਹ, 21 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੈਕਟਰ-17 ਦੇ ਪੁਲੀਸ ਗਰਾਊਂਡ ਵਿੱਚ ਸਮਾਗਮ ਕਰਵਾਇਆ ਗਿਆ। ਡੀਜੀਪੀ ਪਰਵੀਰ ਰੰਜਨ, ਐੱਸਐੱਸਪੀ ਕੁਲਦੀਪ ਸਿੰਘ ਚਾਹਲ ਸਣੇ ਹੋਰਨਾਂ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 2 ਮਿੰਟ ਦਾ ਮੌਨ ਰੱਖਿਆ ਗਿਆ ਤੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 1 ਸਤੰਬਰ 2020 ਤੋਂ 31 ਅਗਸਤ 2021 ਤੱਕ ਦੇਸ਼ ਭਰ ਵਿੱਚ ਸੁਰੱਖਿਆ ਬੱਲਾਂ ਦੇ 377 ਕਰਮੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੇ 11, ਅਰੁਣਾਚਲ ਪ੍ਰਦੇਸ਼ ਦੇ 3, ਬਿਹਾਰ ਦੇ 6, ਆਸਾਮ ਦੇ 7, ਚੰਡੀਗੜ੍ਹ ਦੇ 6, ਛਤਿੱਸਗੜ੍ਹ ਦੇ 32, ਹਿਮਾਚਲ ਪ੍ਰਦੇਸ਼ ਦੇ 4, ਝਾਰਖੰਡ ਦੇ 4, ਕਰਨਾਟਕ ਦੇ 16, ਕੇਰਲਾ ਦੇ 2, ਮੱਧ ਪ੍ਰਦੇਸ਼ ਦੇ 15, ਮਨੀਪੁਰ ਦੇ 3, ਮੇਘਾਲਿਆ ਦਾ ਇਕ, ਉੜੀਸਾ ਦੇ 4, ਪੰਜਾਬ ਦੇ 2, ਰਾਜਸਥਾਨ ਦੇ 2, ਤਮਿਲਨਾਡੂ ਦਾ ਇਕ, ਉੱਤਰ ਪ੍ਰਦੇਸ਼ ਦੇ 4, ਉੱਤਰਾਖੰਡ ਦੇ 3, ਪੱਛਮੀ ਬੰਗਾਲ ਦੇ 17, ਅੰਡਮਾਨ ਨਿਕੋਬਾਰ ਦੇ 2, ਦਿੱਲੀ ਦੇ 6, ਜੰਮੂ-ਕਸ਼ਮੀਰ ਦੇ 17, ਲੱਦਾਖ ਦਾ ਇਕ, ਆਸਾਮ ਰਾਈਫਲਜ਼ ਦੇ 3, ਬੀਐੱਸਐੱਫ ਦੇ 3, ਸੀਆਈਐੱਸਐਫ ਦੇ 8, ਸੀਆਰਪੀਐੱਫ ਦੇ 82 ਜਵਾਨ ਸ਼ਾਮਲ ਹਨ।
ਸ਼ਹੀਦ ਜਵਾਨਾਂ ਵਿੱਚ ਚੰਡੀਗੜ੍ਹ ਦੇ 6 ਪੁਲੀਸ ਮੁਲਾਜ਼ਮ ਸ਼ਾਮਲ: ਚੰਡੀਗੜ੍ਹ ਪੁਲੀਸ ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ’ਚ ਸ਼ਹੀਦ ਹੋਏ 377 ਪੁਲੀਸ ਜਵਾਨਾਂ ਅਤੇ ਸੁਰੱਖਿਆ ਦਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀ ਜਿਸ ਵਿੱਚ ਚੰਡੀਗੜ੍ਹ ਦੇ 6 ਪੁਲੀਸ ਮੁਲਾਜ਼ਮ ਸ਼ਾਮਲ ਹਨ। ਇਨ੍ਹਾਂ ਵਿੱਚ ਇੰਸਪੈਕਟਰ ਜਗਜੀਤ ਸਿੰਘ, ਸੂੱਚਾ ਸਿੰਘ, ਸਬ-ਇੰਸਪੈਕਟਰ ਅਮਰਜੀਤ ਸਿੰਘ, ਏਐੱਸਆਈ ਅਮਰਜੀਤ ਸਿੰਘ, ਲਾਲੂ ਰਾਮ, ਆਮੀਨ ਚੰਦ ਦੇ ਨਾਮ ਸ਼ਾਮਲ ਹਨ। ਚੰਡੀਗੜ੍ਹ ਪੁਲੀਸ ਨੇ ਮ੍ਰਿਤਕ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਪੰਚਕੂਲਾ (ਪੀ.ਪੀ. ਵਰਮਾ): ਇਥੋਂ ਦੇ ਮੋਗੀਨੰਦ ਪੁਲੀਸ ਲਾਈਨ ਵਿੱਚ ਅੱਜ ਹਰਿਆਣਾ ਪੁਲੀਸ ਦੇ ਡੀਜੀਪੀ ਪੇ.ਕੇ. ਅੱਗਰਵਾਲ ਨੇ ਸ਼ਹੀਦ ਪੁਲੀਸ ਮੁਲਜ਼ਮਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਆਪਣੇ ਸ਼ਹੀਦ ਜਵਾਨਾਂ ਉੱਤੇ ਨਾਜ਼ ਹੈ। ਖਾਸਕਰ ਉਹ ਪੁਲੀਸ ਮੁਲਾਜ਼ਮ ਜਿਹੜੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਗਏ ਹਨ। ਡੀਜੀਪੀ ਅੱਗਰਵਾਲ ਨੇ ਕਿਹਾ ਕਿ ਪੁਲੀਸ ਦਾ ਕੰਮ ਰੋਜ਼ਾਨਾ ਚੈਲੇਜ਼ ਲੈਣ ਵਾਲਾ ਹੁੰਦਾ ਹੈ ਜਿਸ ਕਾਰਨ ਪੁਲੀਸ ਹਮੇਸ਼ਾ ਅਲਰਟ ਰਹਿੰਦੀ ਹੈ। ਪੰਚਕੂਲਾ ਦੇ ਸੈਕਟਰ-25 ਸਥਿਤ ਪਿੰਡ ਮੋਗੀਨੰਦ ਕੋਲ ਪੁਲੀਸ ਲਾਈਨ ਵਿੱਚ ਕਰਵਾਏ ਗਏ ਸ਼ਹੀਦੀ ਯਾਦਗਾਰੀ ਦਿਵਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਇਨ੍ਹਾਂ ਪੁਲੀਸ ਅਧਿਕਾਰੀਆਂ ਨੇ ਪੁਲੀਸ ਸ਼ਹੀਦੀ ਯਾਦਗਾਰੀ ਸਮਾਰਕ ਉੱਤੇ ਜਾ ਕੇ ਸ਼ਹੀਦ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਰੇਡ ਵੀ ਕਰਵਾਈ ਗਈ।
ਮੁਹਾਲੀ ਪੁਲੀਸ ਨੇ ਸ਼ਹੀਦ ਜਵਾਨਾਂ ਨੂੰ ਕੀਤਾ ਸਿਜਦਾ
ਮੁਹਾਲੀ (ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਅੱਜ ਪੁਲੀਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐੱਸਐੱਸਪੀ ਨਵਜੋਤ ਸਿੰਘ ਮਾਹਲ, ਜੁਡੀਸ਼ਲ ਮੈਜਿਸਟਰੇਟ ਮੁਕੇਸ਼ ਸਿੰਗਲਾ ਤੇ ਹੋਰਨਾਂ ਅਧਿਕਾਰੀਆਂ ਨੇ ਪੁਲੀਸ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡੀਸੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੁਲੀਸ ਦੇ ਜਵਾਨ ਦੇਸ਼ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਤੋਂ ਕਦੇ ਪਿੱਛੇ ਨਹੀਂ ਹਟੇ। ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿੱਚ 377 ਜਵਾਨਾਂ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਵਿੱਚ ਦੋ ਜਵਾਨ ਪੰਜਾਬ ਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਹਮੇਸ਼ਾ ਆਪਣੇ ਇਨ੍ਹਾਂ ਮਹਾਨ ਨਾਇਕਾਂ ਦਾ ਰਿਣੀ ਰਹੇਗਾ। ਇਸ ਮੌਕੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲੀਸ ਆਪਣੀ ਡਿਊਟੀ ਪੂਰੀ ਦ੍ਰਿੜ੍ਹਤਾ ਨਾਲ ਨਿਭਾਉਂਦੀ ਰਹੇਗੀ। ਕੋਵਿਡ ਮਹਾਮਾਰੀ ਦੌਰਾਨ ਜਦੋਂ ਸਾਰੇ ਲੋਕ ਘਰਾਂ ਵਿੱਚ ਬੰਦ ਸਨ ਤਾਂ ਪੁਲੀਸ ਜਵਾਨਾਂ ਨੇ ਆਪਣੀ ਸਿਹਤ ਅਤੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਫਰੰਟ ਲਾਈਨ ’ਤੇ ਸਿੱਧੀ ਲੜਾਈ ਲੜੀ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਦੇਸ਼ ਭਰ ਵਿੱਚ 86 ਪੁਲੀਸ ਮੁਲਾਜ਼ਮਾਂ ਨੇ ਆਪਣੀ ਜਾਨ ਗਵਾਈ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਕਾਰਨ ਸਮਾਰੋਹ ਸੰਖੇਪ ਰੱਖਿਆ ਗਿਆ ਹੈ ਅਤੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ 35 ਪੁਲੀਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਐੱਸਪੀ (ਐੱਚ) ਆਕਾਸ਼ਦੀਪ ਸਿੰਘ ਔਲਖ ਨੇ ਪੁਲੀਸ ਦੇ ਸ਼ਹੀਦ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹੀ।