ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਜਨਵਰੀ
ਮਹਾਤਮਾ ਗਾਂਧੀ ਦੀ 74ਵੀਂ ਬਰਸੀ ਮੌਕੇ ਗਾਂਧੀ ਯਾਦਗਾਰ ਭਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਗਾਂਧੀ ਸਮਾਰਕ ਭਵਨ ਸੈਕਟਰ-16 ਵਿਚ ਸ਼ਰਧਾਂਜਲੀ ਸਭਾ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਧੀਕ ਸਾਲਿਸਟਰ ਭਾਰਤ ਸਰਕਾਰ ਅਤੇ ਸਾਬਕਾ ਐਮਪੀ ਸੱਤਿਆ ਪਾਲ ਜੈਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਗਾਂਧੀ ਮੈਮੋਰੀਅਲ ਬਿਲਡਿੰਗ ਦੇ ਡਾਇਰੈਕਟਰ ਦੇਵਰਾਜ ਤਿਆਗੀ ਨੇ ਸਾਰਿਆਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਾਂ ਦੇ ਹਾਲ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਪੰਡਿਤ ਮੋਹਨ ਲਾਲ ਐਸਡੀ ਪਬਲਿਕ ਸਕੂਲ ਸੈੱਕਟਰ-32 ਦੇ ਬੱਚਿਆਂ ਅਤੇ ਸੰਗੀਤ ਅਧਿਆਪਿਕਾ ਨੀਲਮ ਸ਼ਰਮਾ ਨੇ ਮਹਾਤਮਾ ਗਾਂਧੀ ਦੇ ਮਨਪਸੰਦ ਭਜਨ ਪੇਸ਼ ਕੀਤੇ।
ਇਸ ਦੌਰਾਨ ਗਾਂਧੀ ਮੈਮੋਰੀਅਲ ਬਿਲਡਿੰਗ ਦੇ ਡਾਇਰੈਕਟਰ ਦੇਵਰਾਜ ਤਿਆਗੀ ਨੇ ਗਾਂਧੀ ਭਵਨ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਸਟੇਟ ਬੈਂਕ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸੰਜੇ ਕੁਮਾਰ ਨੇ ਗਾਂਧੀ ਯਾਦਗਾਰ ਭਵਨ ਦੀ ਲਾਇਬ੍ਰੇਰੀ ਦੇ ਫਰਨੀਚਰ ਲਈ 5,22,000 ਰੁਪਏ ਦਾਨ ਕੀਤੇ।
ਕੈਂਪ ਦੌਰਾਨ 156 ਯੂਨਿਟ ਖ਼ੂਨ ਦਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਯਾਦਵ ਲੋਕ ਕਲਿਆਣ ਸਭਾ, ਚੰਡੀਗੜ੍ਹ ਨੇ ਸਿਗਮਾ ਸਾਫ਼ਟਜੇਲ ਐਂਡ ਫਾਰਮੂਲੇਸ਼ਨ ਬੱਦੀ ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਦੀ ਬਰਸੀ ’ਤੇ ਛੇਵਾਂ ਖ਼ੂਨਦਾਨ ਕੈਂਪ ਚੰਡੀਗੜ੍ਹ ਦੇ ਸੈਕਟਰ-34 ’ਚ ਲਗਾਇਆ। ਇਸ ਮੌਕੇ ਪੰਜਾਬ ਦੇ ਡਾਇਰੈਕਟਰ ਸਿਹਤ ਡਾ. ਗੁਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਖ਼ੂਨਦਾਨੀਆਂ ਹੀ ਹੌਸਲਾਅਫ਼ਜਾਈ ਕੀਤੀ ਹੈ। ਕੈਂਪ ਵਿੱਚ 156 ਜਣਿਆਂ ਨੇ ਖ਼ੂਨਦਾਨ ਕੀਤਾ। ਸਭਾ ਦੇ ਚੇਅਰਮੈਨ ਰਾਮ ਅਚਲ ਯਾਦਵ ਤੇ ਜਨਰਲ ਸਕੱਤਰ ਸ਼ੰਭੂ ਯਾਦਵ ਨੇ ਸਾਰਿਆਂ ਨੂੰ ਖ਼ੂਨਦਾਨ ਲਈ ਪ੍ਰੇਰਿਆ। ਇਸ ਮੌਕੇ ਸਾਬਕਾ ਡਿਪਟੀ ਮੇਅਰ ਅਨਿਲ ਦੂਬੇ, ਸ਼ਸ਼ੀ ਸ਼ੰਕਰ ਤਿਵਾੜੀ, ਗੁਰਬਖਸ਼ ਰਾਵਤ ਅਤੇ ਰਾਜਿੰਦਰ ਯਾਦਵ ਵੀ ਮੌਜੂਦ ਸਨ।
ਕਾਂਗਰਸੀਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸੀਆਂ ਨੇ ਸ਼ਹਿਰ ਦੇ ਕਾਂਗਰਸ ਭਵਨ ਵਿਚ ਸੂਬਾਈ ਵਿੱਤ ਸਕੱਤਰ ਐਡਵੋਕੇਟ ਰੋਹਿਤ ਜੈਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮਹਾਤਮਾ ਗਾਂਧੀ ਵੱਲੋਂ ਸਵਰਾਜ ਪ੍ਰਾਪਤੀ ਅਤੇ ਸਮਾਜ ਸੁਧਾਰ ਲਈ ਚਲਾਏ ਅੰਦੋਲਨਾਂ ਅਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਅਹਿੰਸਾ ਤੇ ਫ਼ਿਰਕੂ ਸਦਭਾਵਨਾ ਦੇ ਵਿਚਾਰਾਂ ’ਤੇ ਰੌਸ਼ਨੀ ਪਾਈ। ਰੋਹਿਤ ਜੈਨ ਨੇ ਕਿਹਾ ਕਿ ਗਾਂਧੀ ਜੀ ਨੇ ਹਰ ਭਾਰਤੀ ਦੇ ਦਿਲ ਵਿਚ ਸਵਦੇਸ਼ੀ, ਸਵਭਾਸ਼ਾ ਅਤੇ ਸਵਰਾਜ ਦੀ ਅਲਖ ਜਗਾਈ। ਅੱਜ ਵੀ ਦੇਸ਼ ਵਿਚ ਗਾਂਧੀਵਾਦੀ ਵਿਚਾਰਧਾਰਾ ਜਿਊਂਦੀ ਹੈ ਜੋ ਸੱਚ, ਨਿਆਂ ਅਤੇ ਅਹਿੰਸਾ ਨੂੰ ਜਿਊਂਦਿਆਂ ਰੱਖ ਰਹੀ ਹੈ। ਉਨ੍ਹਾਂ ਭਾਜਪਾ ਅਤੇ ਆਰਐੱਸਐੱਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੰਘ ਨੇ ਗਾਂਧੀ ਨੂੰ ਕੇਵਲ ਸਹੂਲਤ ਵਜੋਂ ਸਵੀਕਾਰ ਕੀਤਾ ਹੈ।