ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ),15 ਮਈ
ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੁਰਾਲੀ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ ਇੱਥੋਂ ਦੇ ਫੇਜ਼- 8 ਦੇ ਗੁਰਦੁਆਰਾ ਅੰਗੀਠਾ ਸਾਹਿਬ ਵਿੱਚ ਹੋਇਆ। ਇਸ ਮੌਕੇ ਸੈਂਕੜੇ ਇਲਾਕਾ ਵਾਸੀਆਂ, ਪੰਚਾਂ-ਸਰਪੰਚਾਂ, ਬਲਾਕ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ, ਕੌਂਸਲਰਾਂ, ਰਾਜਸੀ ਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ। ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਅਕਾਲੀ ਦਲ ਦੇ ਆਗੂ ਪਰਵਿੰਦਰ ਸਿੰਘ ਸੋਹਾਣਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ, ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਬਾਗਾ ਨੇ ਬੋਲਦਿਆਂ ਸਵਰਗੀ ਆਗੂ ਵੱਲੋਂ ਆਪਣੇ ਪਿੰਡ ਅਤੇ ਇਲਾਕੇ ਵਿੱਚ ਕੀਤੇ ਵਿਕਾਸ ਦੇ ਕੰਮਾਂ ਅਤੇ ਉਨ੍ਹਾਂ ਨਾਲ ਜੁੜ੍ਹੀਆਂ ਯਾਦਾਂ ਸਾਂਝੀਆਂ ਕੀਤੀਆਂ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਦੇਸ਼ ਤੋਂ ਹੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਯਾਦਵਿੰਦਰ ਸਿੰਘ ਕੰਗ, ਲੇਬਰਫ਼ੈੱਡ ਦੇ ਉੱਪ ਚੇਅਰਮੈਨ ਮੋਹਨ ਸਿੰਘ ਬਠਲਾਣਾ, ਜਗਰੂਪ ਸਿੰਘ ਢੋਲ ਕੁਰੜੀ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਆਦਿ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ। ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।