ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 6 ਮਾਰਚ
ਇਥੋਂ ਦੇ ਗੁਲਾਬਗੜ੍ਹ ਰੋਡ ਸਥਿਤ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਵਿੱਚ ਟਰੱਸਟੀਆਂ ਵੱਲੋਂ ਸ਼ਹੀਦਾਂ ਅਤੇ ਦੇਸ਼ ਭਗਤ ਆਗੂਆਂ ਦਾ ਸਾਂਝਾ ਯਾਦਗਾਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕਾਮਰੇਡ ਰਤਨ ਸਿੰਘ ਹੈਬਤਪੁਰ, ਸ਼ਹੀਦ ਡਾ. ਪ੍ਰੇਮ ਸਿੰਘ ਭਾਰਦਵਾਜ, ਕਾਮਰੇਡ ਬਾਬਾ ਸੁੰਦਰ ਸਿੰਘ ਕਲਸੀਆ, ਬਾਬਾ ਪ੍ਰਿਥੀ ਸਿੰਘ ਆਜਾਦ, ਕਾਮਰੇਡ ਈਸ਼ਰ ਸਿੰਘ ਸੋਢੀ, ਗਿਆਨੀ ਮਿਲਖਾ ਸਿੰਘ ਬਨੂੜ, ਸ਼ਹੀਦ ਕਾਮਰੇਡ ਮਾਸਟਰ ਬਚਨ ਸਿੰਘ, ਸ਼ਹੀਦ ਕਾਮਰੇਡ ਇੰਦਰਜੀਤ ਸਿੰਘ ਭਗੜਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੀਪੀਆਈਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਡਾ. ਸ਼ੇਰ ਸਿੰਘ ਨੇ ਕੀਤੀ। ਕਾਮਰੇਡ ਚੰਦਰ ਸ਼ੇਖਰ ਨੇ ਦੇਸ਼ ਭਗਤਾਂ ਦੇ ਜੀਵਨ ਤੇ ਵਿਚਾਰਧਾਰਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਸ੍ਰੀ ਸੇਖੋਂ ਨੇ ਲੋਕਾਂ ਨੂੰ ਵਿਚਾਰਧਾਰਕ ਤੌਰ ’ਤੇ ਤਕੜੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਲੜਾਈ ਲੰਮੀ ਚੱਲੇਗੀ ਤੇ ਸਾਨੂੰ ਧੀਰਜ ਰੱਖਦਿਆਂ ਸੰਘਰਸ਼ ਕਰਦੇ ਰਹਿਣਾ ਪਵੇਗਾ। ਸਮਾਗਮ ਵਿੱਚ ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।