ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਸ਼ਹਿਰ ਵਿੱਚ ਦਰੱਖ਼ਤ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਫਿਰ ਇਥੇ ਸੈਕਟਰ 7 ਵਿੱਚ ਸੜਕ ਦੇ ਵਿਚਕਾਰ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਵੱਡੇ ਦਰੱਖ਼ਤ ਡਿੱਗ ਗਏ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦਰੱਖਤ ਡਿੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅੱਜ ਐਤਵਾਰ ਹੋਣ ਕਾਰਨ ਸੈਕਟਰ 7 ਦੀ ਸੜਕ ’ਤੇ ਵਾਹਨਾਂ ਦੀ ਆਵਾਜਾਈ ਘੱਟ ਸੀ, ਉਧਰ ’ਵਰਸਿਟੀ ’ਚ ਵੀ ਛੁੱਟੀ ਹੋਣ ਕਾਰਨ ਇਨ੍ਹਾਂ ਦਰੱਖਤਾਂ ਡਿੱਗਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਅੱਜ ਇਥੇ ਸੈਕਟਰ-7 ਵਿੱਚ ਦੁਪਹਿਰ ਵੇਲੇ ਸੜਕ ਕਿਨਾਰੇ ਲੱਗਿਆ ਇੱਕ ਵੱਡਾ ਦਰੱਖ਼ਤ ਅਚਾਨਕ ਡਿੱਗ ਗਿਆ। ਦੇਖਣ ਨੂੰ ਦਰੱਖ਼ਤ ਬਾਹਰੋਂ ਹਰਾ ਭਰਿਆ ਹੈ, ਪਰ ਇਸ ਦੀਆਂ ਜੜ੍ਹਾਂ ਖੋਖਲੀਆਂ ਸਨ, ਜਿਸ ਕਾਰਨ ਇਹ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਦਰੱਖਤ ਕਾਫੀ ਪੁਰਾਣਾ ਸੀ ਅਤੇ ਜੜ੍ਹਾਂ ਕਮਜ਼ੋਰ ਹੋਣ ਕਾਰਨ ਡਿੱਗ ਗਿਆ ਹੈ। ਸੜਕ ‘ਤੇ ਡਿੱਗੇ ਦਰੱਖ਼ਤ ਬਾਰੇ ਸਬੰਧਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ‘ਤੇ ਨਗਰ ਨਿਗਮ ਦੇ ਬਾਗਬਾਨੀ ਵਿੰਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦਰੱਖਤ ਨੂੰ ਹਟਾਉਣਾ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਵੀ ਦਰੱਖਤ ਡਿੱਗਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਮਹੀਨੇ ਇਥੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ 8 ਜੁਲਾਈ ਨੂੰ ਇੱਕ ਲਗਪਗ ਢਾਈ ਸੌ ਸਾਲ ਪੁਰਾਣੇ ਵਿਰਾਸਤੀ ਪਿੱਪਲ ਦਾ ਦਰੱਖ਼ਤ ਡਿੱਗਣ ਨਾਲ 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਹੋ ਗਈ ਸੀ।