ਸਰਬਜੀਤ ਸਿੰਘ ਭੱਟੀ
ਲਾਲੜੂ, 9 ਦਸੰਬਰ
ਨਗਰ ਕੌਸਲ ਲਾਲੜੂ ਅਧੀਨ ਆਉਂਦੀ ਕੋਲੀਮਾਜਰਾ ਦੀ ਸ਼ਾਮਲਾਤ ਜ਼ਮੀਨ ਵਿੱਚੋਂ ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੁਹਾਲੀ ਪੂਜਾ ਸਿਆਲ ਗਰੇਵਾਲ ਨੇ ਆਪਣੀ ਰਿਪੋਰਟ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ ਨੂੰ ਭੇਜਦੇ ਹੋਏ ਕਿਹਾ ਕਿ ਦਰੱਖ਼ਤਾਂ ਦੀ ਕਟਾਈ ਵਿੱਚ ਸਿੱਧੇ ਤੌਰ ’ਤੇ ਨਿਯਮਾਂ ਦੀ ਉਲੰਘਣਾ ਹੋਈ ਹੈ ਜਿਸ ਨਾਲ ਕੌਂਸਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਲਈ ਕੌਂਸਲ ਦਾ ਪ੍ਰਧਾਨ ਅਤੇ ਤਤਕਾਲੀ ਕਾਰਜਸਾਧਕ ਅਫਸਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਹਾਊਸ ਅਤੇ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਬਗੈਰ ਦਰੱਖ਼ਤਾਂ ਦੀ ਖੁੱਲ੍ਹੀ ਨਿਲਾਮੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਰਿਪੋਰਟ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੇ ਮੌਜੂਦਾ ਕਾਰਜਸਾਧਕ ਅਫਸਰ ਤੋਂ ਉਕਤ ਮਾਮਲੇ ਦੀ ਰਿਪੋਰਟ ਮੰਗਵਾਈ ਹੈ ਜਿਸ ਵਿੱਚ ਦੱਸਿਆ ਗਿਆ ਕਿ 30-35 ਬਿਘੇ ਜ਼ਮੀਨ ਵਿੱਚੋਂ 120 ਦੇ ਕਰੀਬ ਡੇਢ ਫੁੱਟ ਤੋਂ ਢਾਈ ਫੁੱਟ ਮੋਟਾਈ ਵਾਲੇ ਦਰੱਖ਼ਤ ਵੀ ਕੱਟੇ ਗਏ ਜਦੋਂ ਕਿ ਖੁੱਲ੍ਹੀ ਬੋਲੀ ਵਿੱਚ ਕੇਵਲ ਝਾੜੀਆਂ ਤੇ ਪਹਾੜੀ ਕਿੱਕਰਾਂ ਨੂੰ ਕੱਟੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਦਰੱਖ਼ਤਾਂ ਨੁੂੰ ਕੱਟਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਕੀਮਤ ਬਾਰੇ ਐਸਸਮੈਂਟ ਨਹੀਂ ਕਰਵਾਇਆ ਗਿਆ ਅਤੇ ਖੁੱਲ੍ਹੀ ਬੋਲੀ ਦੇ ਸਮੇਂ ਡਿਪਟੀ ਕਮਿਸ਼ਨਰ ਅਤੇ ਡਿਪਟੀ ਡਾਇਰੈਕਟਰ (ਸਥਾਨਕ ਸਰਕਾਰ ਵਿਭਾਗ) ਦਾ ਕੋਈ ਨੁਮਾਇੰਦਾ ਮੌਕੇ ’ਤੇ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਬੋਲੀ ਤੋਂ ਪਹਿਲਾਂ ਇਸ ਦੀ ਹਾਊਸ ਤੋਂ ਮਨਜ਼ੂਰੀ ਨਹੀਂ ਲਈ ਗਈ।
ਕਾਨੂੰਨੀ ਕਾਰਵਾਈ ਲਈ ਪੁਲੀਸ ਕੋਲ ਭੇਜਿਆ ਮਾਮਲਾ
ਵਧੀਕ ਡਿਪਟੀ ਕਮਿਸਨਰ ਨੇ ਮਾਮਲੇ ਬਾਰੇ ਕਾਨੂੰਨੀ ਕਾਰਵਾਈ ਕਰਨ ਲਈ ਮੁੱਖ ਥਾਣਾ ਅਫਸਰ ਲਾਲੜੂ ਨੂੰ ਲਿਖਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਦਰੱਖ਼ਤਾਂ ਦੀ ਕਟਾਈ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕੌਂਸਲ ਦੇ ਪ੍ਰਧਾਨ ਤੇ ਤਤਕਾਲੀ ਕਾਰਜਸਾਧਕ ਅਫਸਰ ਨੇ ਕਥਿਤ ਮਿਲੀਭੁਗਤ ਰਾਹੀਂ 80-90 ਏਕੜ ਸ਼ਾਮਲਾਤ ਜ਼ਮੀਨ ਵਿੱਚ ਖੜ੍ਹੇ ਦਰੱਖ਼ਤਾਂ ਨੂੰ ਨਾਜਾਇਜ਼ ਤੌਰ ’ਤੇ ਕੱਟਿਆ ਜਾ ਰਿਹਾ ਹੈ ਅਤੇ ਕਈ ਟਰਾਲੀਆਂ ਭਰ ਕੇ ਲੱਕੜ ਵੇਚੀ ਗਈ ਹੈ ਜਦਕਿ ਨਗਰ ਕੌਂਸਲ ਦੀ ਰਿਪੋਰਟ ਮੁਤਾਬਿਕ ਖੁੱਲ੍ਹੀ ਬੋਲੀ 1,96,000 ਵਿੱਚ ਠੇਕੇਦਾਰ ਦੇ ਨਾਂ ਤੋੜੀ ਗਈ ਜਿਸ ਵਿੱਚ ਦੋ ਮਹੀਨੇ ਦੇ ਅੰਦਰ ਸਰਕੰਡਾ ਤੇ ਪਹਾੜੀ ਕਿੱਕਰਾਂ ਨੂੰ ਸਾਫ਼ ਕਰਨ ਦਾ ਹੀ ਜ਼ਿਕਰ ਕੀਤਾ ਗਿਆ ਹੈ।