ਪੱਤਰ ਪ੍ਰੇਰਕ
ਕੁਰਾਲੀ, 25 ਜੁਲਾਈ
ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਤਿਆਰੀ ਲਈ ਅੱਜ ਬਲਾਕ ਕੁਰਾਲੀ ਦੇ ਸਮੂਹ ਸਕੂਲ ਮੁਖੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ’ਚ ਸਿਖਲਾਈ ਦਿੱਤੀ ਗਈ। ਇਸ ਮੌਕੇ ਬਲਾਕ ਦੇ ਸਮੂਹ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ। ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ ਦੀ ਦੇਖਰੇਖ ਹੇਠ ਕੈਂਪ ਸਕੂਲ ਮੁਖੀਆਂ ਨੂੰ ਨੈਸ ਦੀ ਤਿਆਰੀ ਸਬੰਧੀ ਸਿਖਲਾਈ ਦਿੱਤੀ। ਸਿਖਲਾਈ ਕੈਂਪ ਦੌਰਾਨ ਸਕੂਲ ਮੁਖੀਆਂ ਨੂੰ ਕੌਮੀ ਪੱਧਰ ’ਤੇ ਹੋਣ ਵਾਲੇ ਨੈਸ ਸਰਵੇਖਣ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਇਸ ਦੀ ਹੁਣ ਤੋਂ ਹੀ ਤਿਆਰੀ ਲਈ ਯੋਜਨਾਬੰਦੀ ਕਰਨ ਦੀ ਅਪੀਲ ਕੀਤੀ ਗਈ। ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਨਿਰਧਾਰਤ ਕੀਤੇ ਗਏ ਮਾਪਦੰਡਾਂ ਅਨੁਸਾਰ ਸਿੱਖਿਆ ਗੁਣਵਤਾ ਨੂੰ ਜਾਂਚਣ ਲਈ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ’ਚ ‘ਨੈਸ’ ਸਰਵੇਖਣ ਕਰਵਾਇਆ ਜਾ ਰਿਹਾ ਹੈ। ਜਿਸ ’ਚ ਸਕੂਲੀ ਸਿੱਖਿਆ ਵਿੱਚ ਵਿਦਿਆਥੀਆਂ ਤੇ ਅਧਿਆਪਕਾਂ ਨਾਲ ਜੁੜੇ ਪਹਿਲੂਆਂ ਦਾ ਸਰਵੇਖਣ ਕੀਤਾ ਜਾਵੇਗਾ।