ਸਰਬਜੀਤ ਸਿੰਘ ਭੱਟੀ
ਲਾਲੜੂ, 20 ਮਾਰਚ
ਹੰਡੇਸਰਾ ਵਿੱਚ ਅੰਬਾਲਾ-ਨਰਾਇਣਗੜ੍ਹ ਮੁੱਖ ਮਾਰਗ ’ਤੇ ਵੱਡੀ ਪੱਧਰ ’ਤੇ ਚੱਲ ਰਹੇ ਟਿੱਪਰਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਜਿੱਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉੱਥੇ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।
ਸਮਾਜਸੇਵੀ ਆਗੂ ਸਰਦਾਰਾ ਸਿੰਘ ਹੰਡੇਸਰਾ ਨੇ ਐੱਸਪੀ ਟਰੈਫਿਕ, ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਹੰਡੇਸਰਾ ਹਰਿਆਣਾ ਰਾਜ ਦੀ ਸੀਮਾ ’ਤੇ ਪੈਂਦਾ ਹੈ ਅਤੇ ਇੱਥੇ ਇੱਕ ਵੱਡਾ ਕਰੈਸ਼ਰ ਜ਼ੋਨ ਹੈ, ਜਿਸ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਦੂਜੇ ਰਾਜਾਂ ਤੋਂ ਟਿੱਪਰ ਰੇਤਾ ਤੇ ਬਜਰੀ ਲੈ ਕੇ ਆਉਂਦੇ ਹਨ। ਇਨ੍ਹਾਂ ਟਿੱਪਰਾਂ ਵਾਲਿਆਂ ਕੋਲ ਆਪਣੇ ਵਾਹਨਾਂ ਨਾਲ ਸਬੰਧਤ ਕਾਗਜ਼ ਪੱਤਰ ਪੂਰੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕੰਡਮ ਵਾਹਨ ਰੇਤਾ ਬਜਰੀ ਢੋਣ ਦੇ ਕੰਮ ਵਿੱਚ ਲੱਗੇ ਹੋਏ ਹਨ, ਜੋ ਲੋਕਾਂ ਦੀ ਜਾਨ ਤੇ ਮਾਲ ਲਈ ਖ਼ਤਰਾ ਬਣੇ ਹੋਏ ਹਨ। ਇਹ ਸਾਰੇ ਵਾਹਨ 24 ਘੰਟੇ ਟਰੈਫਿਕ ਅਤੇ ਪੁਲੀਸ ਥਾਣਾ ਹੰਡੇਸਰਾ ਦੇ ਅੱਗਿਓਂ ਲੰਘ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਰੇਤਾ ਬਜਰੀ ਦੇ ਕੰਮ ਵਿੱਚ ਲੱਗੇ ਮਿਆਦ ਪੁਗਾ ਚੁੱਕੇ ਅਤੇ ਬਿਨਾਂ ਕਾਗਜ਼ਾਤ ਚੱਲਦੇ ਵਾਹਨਾਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਹੰਡੇਸਰਾ ਪੁਲੀਸ ਨੇ ਦੱਸਿਆ ਕਿ ਚੈਕਿੰਗ ਦੌਰਾਨ ਫੜੇ ਗਏ ਵਾਹਨਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਵਾਹਨਾਂ ਨੂੰ ਹੁਣ ਤੱਕ ਬੰਦ ਵੀ ਕੀਤਾ ਜਾ ਚੁੱਕਾ ਹੈ।