ਖੇਤਰੀ ਪ੍ਰਤੀਨਿਧ
ਚੰਡੀਗ੍ਹੜ, 4 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੱਗੇ ਬੇਤਰਤੀਬੇ ਅਤੇ ਗੈਰਕਾਨੂੰਨੀ ਇਸ਼ਤਿਹਾਰੀ ਬੋਰਡਾਂ ਖ਼ਿਲਾਫ਼ ‘ਚੰਡੀਗੜ੍ਹ ਇਸ਼ਤਿਹਾਰ ਕੰਟਰੋਲ ਆਰਡਰ’ ਤਹਿਤ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਦੇ ਵਫ਼ਦ ਨੇ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਅਤੇ ਨਿਗਮ ਦੇ ਜੁਆਇੰਟ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸੀਬੀਐਮ ਦੇ ਚੇਅਰਮੈਨ ਚਰਨਜੀਵ ਸਿੰਘ ਦੀ ਅਗਵਾਈ ਹੇਠ ਵਫ਼ਦ ਵਿੱਚ ਸ਼ਾਮਲ ਸੀਬੀਐਮ ਦੇ ਸੰਜੀਵ ਚੱਢਾ, ਰਾਧੇ ਲਾਲ ਸਮੇਤ ਸੈਕਟਰ 22-ਬੀ ਦੇ ਵਪਾਰੀਆਂ ਨੇ ਨਗਰ ਨਿਗਮ ਵਲੋਂ ਇਸ਼ਤਿਹਾਰੀ ਕੰਟਰੋਲ ਐਕਟ ਤਹਿਤ ਵਪਾਰੀਆਂ ’ਤੇ ਭਾਰੀ ਜੁਰਮਾਨੇ ਅਤੇ ਕਮਰਸ਼ੀਅਲ ਇਮਾਰਤਾਂ ਦੀਆਂ ਮੰਜ਼ਿਲਾਂ ’ਤੇ ਸਾਈਨ ਬੋਰਡਾਂ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਵਫ਼ਦ ਨੇ ਮੇਅਰ ਅੱਗੇ ਅਰਜੋਈ ਕੀਤੀ ਕਿ ਜੇਕਰ ਸਾਈਨ ਬੋਰਡਾਂ ਨੂੰ ਲੈ ਕੇ ਭਵਿੱਖ ਵਿੱਚ ਕੋਈ ਅਜਿਹੀ ਉਲੰਘਣਾ ਪਾਈ ਜਾਂਦੀ ਹੈ ਤਾਂ ਨੋਟਿਸ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਇਤਰਾਜ਼ਯੋਗ ਬੋਰਡ ਨੂੰ ਹਟਾਉਣ ਲਈ 10-15 ਦਿਨਾਂ ਦਾ ਸਮਾਂ ਦਿੱਤਾ ਜਾਵੇ। ਸੀਬੀਐਮ ਦੇ ਬੁਲਾਰੇ ਦਿਵਾਕਰ ਸਹੂਜਾ ਨੇ ਦੱਸਿਆ ਕਿ ਮੇਅਰ ਸਰਬਜੀਤ ਕੌਰ ਢਿੱਲੋਂ ਅਤੇ ਜੁਆਇੰਟ ਕਮਿਸ਼ਨਰ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਸੈਕਟਰ 22 ਦੇ ਵਪਾਰੀਆਂ ਨੂੰ ਜਾਰੀ ਕੀਤੇ ਨੋਟਿਸਾਂ ਦੀ ਮੁੜ ਤੋਂ ਪੜਤਾਲ ਕਰਨ ਦਾ ਭਰੋਸਾ ਦਿੱਤਾ।