ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ) 20 ਸਤੰਬਰ
ਮੁਹਾਲੀ ’ਚ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਅੱਜ ਦੋ ਸੂਬਾਈ ਧਰਨੇ ਲਾਏ ਗਏ ਹਨ। ਪਹਿਲਾ ਧਰਨਾ ਚਾਰ ਟਰੇਡ ਯੂਨੀਅਨਾਂ ਏਟਕ, ਸੀਟੀਯੂ ਪੰਜਾਬ, ਇੰਟਕ ਅਤੇ ਐੱਚਐੱਮਐੱਸ ਦੇ ਸਾਂਝੇ ਮੋਰਚੇ ਦੇ ਸੱਦੇ ਉੱਤੇ ਪੰਜਾਬ ਭਰ ਤੋਂ ਸੈਂਕੜੇ ਮਜ਼ਦੂਰਾਂ ਨੇ ਲਾਇਆ। ਪਹਿਲੇ ਧਰਨੇ ਨੂੰ ਵਿਜੇ ਮਿਸ਼ਰਾ, ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ ਪਠਾਨਕੋਟ, ਸੱਜਣ ਸਿੰਘ, ਬੰਤ ਬਰਾੜ, ਦੋਧੀ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਅੱਠ ਸਾਲਾਂ ਤੋਂ ਪੈਂਡਿੰਗ ਘੱਟੋ-ਘੱਟ ਤਨਖਾਹ ਵਿੱਚ ਫੌਰੀ ਵਾਧਾ ਕਰਨ, ਠੇਕੇਦਾਰੀ ਸਿਸਟਮ ਬੰਦ, ਲੇਬਰ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ ਨੂੰ ਮੰਗ ਪੱਤਰ ਦਿੱਤਾ।
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫ਼ਟੂ) ਪੰਜਾਬ ਵੱਲੋਂ ਉਸਾਰੀ ਮਿਸਤਰੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਹੱਲ ਕਰਾਉਣ ਲਈ ਦਿੱਤਾ ਗਿਆ, ਜਿਸ ਭਰਾਤਰੀ ਜਥੇਬੰਦੀਆਂ ਦੇ ਕਾਰਕੁਨ ਵੀ ਸ਼ਾਮਲ ਹੋਏ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਯੂਨੀਅਨ ਦੀਆਂ ਮੰਗਾਂ ਦੀ ਹਮਾਇਤ ਕੀਤੀ।
ਇਫਟੂ ਦੇ ਸੂਬਾ ਸਕੱਤਰ ਰਾਜ ਸਿੰਘ ਮਲੋਟ, ਮੀਤ ਸਕੱਤਰ ਰਮੇਸ਼ ਕੁਮਾਰ ਰਾਣਾ, ਮੀਤ ਪ੍ਰਧਾਨ ਅਵਤਾਰ ਸਿੰਘ ਤਾਰੀ, ਪ੍ਰੈੱਸ ਸਕੱਤਰ ਜਸਵੀਰ ਦੀਪ, ਜੁਗਿੰਦਰ ਪਾਲ ਗੁਰਦਾਸਪੁਰ, ਪਿੱਪਲ ਸਿੰਘ ਫਿਰੋਜ਼ਪੁਰ, ਡੀਐਮਐਫ਼ ਦੇ ਆਗੂ ਮਲਾਗਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਦੋ ਸਾਲਾਂ ਤੋਂ ਕਰੋੜਾਂ ਰੁਪਏ ਸਬ ਡਵੀਜ਼ਨ ਕਮੇਟੀਆਂ ਵੱਲੋਂ ਪਾਸ ਹੋਣ ਦੇ ਬਾਵਜੂਦ ਕਾਮਿਆਂ ਨੂੰ ਨਾ ਦੇਣ ਦਾ ਦੋਸ਼ ਲਾਇਆ ਤੇ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਵਧੀਕ ਕਮਿਸ਼ਨਰ ਨੇ ਧਰਨਿਆਂ ਦੇ ਨੁਮਾਇੰਦਿਆਂ ਨੂੰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।