ਬਨੂੜ-ਲਾਂਡਰਾਂ ਮਾਰਗ ਉੱਤੇ ਫੌਜੀ ਕਲੋਨੀ ਨੇੜੇ ਵਾਪਰਿਆ ਹਾਦਸਾ
ਪੱਤਰ ਪ੍ਰੇਰਕ
ਬਨੂੜ, 24 ਅਕਤੂਬਰ
ਬਨੂੜ ਤੋਂ ਲਾਂਡਰਾਂ ਮਾਰਗ ਉੱਤੇ ਪਿੰਡ ਫੌਜੀ ਕਲੋਨੀ ਨੇੜੇ ਟੈਂਪੂ ਟਰੈਵਲਰ ਅਤੇ ਟਰੈਕਟਰ-ਟਰਾਲੀ ਦਰਮਿਆਨ ਵਾਪਰੇ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਇੱਕ 14 ਵਰ੍ਹਿਆਂ ਦੀ ਲੜਕੀ ਅਤੇ ਇੱਕ ਹੋਰ ਮਹਿਲਾ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸਾ ਬੀਤੀ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਵਾਪਰਿਆ। ਟੈਂਪੂ ਟਰੈਵਲਰ ਵਿੱਚ 12 ਸਵਾਰੀਆਂ ਸਨ ਤੇ ਇਹ ਸਾਰੇ ਕੈਥਲ ਤੋਂ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾ ਰਹੇ ਸਨ। ਬਾਕੀ ਸਵਾਰੀਆਂ ਦਾ ਬਚਾਅ ਹੋ ਗਿਆ।
ਟੈਂਪੂ ਟਰੈਵਲਰ ਬਨੂੜ ਵਾਲੇ ਪਾਸੇ ਤੋਂ ਜਾ ਰਿਹਾ ਸੀ। ਟਰੈਕਟਰ-ਟਰਾਲੀ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਬਨੂੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਵੇਖਦਿਆਂ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ, ਜਿੱਥੇ ਕ੍ਰਿਸ਼ਨਾ (30) ਪਤਨੀ ਸੋਨੂ ਦੀ ਮੌਤ ਹੋ ਗਈ। ਨੀਰੂ (30) ਪਤਨੀ ਭੂਪਿੰਦਰ ਸਿੰਘ ਅਤੇ ਸਾਨੀਆ (14) ਪੁੱਤਰੀ ਈਸ਼ਵਰ (ਸਾਰੇ ਵਾਸੀ ਕੈਥਲ, ਹਰਿਆਣਾ) ਜ਼ੇਰੇ ਇਲਾਜ ਹਨ। ਥਾਣਾ ਬਨੂੜ ਦੀ ਪੁਲੀਸ ਵੱਲੋਂ ਹਾਦਸੇ ਸਬੰਧੀ ਪਰਚਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਸੜਕ ਹਾਦਸੇ ਵਿੱਚ ਮਾਰੀ ਗਈ ਕੈਥਲ ਦੀ ਤੀਹ ਸਾਲਾ ਕ੍ਰਿਸ਼ਨਾ ਦੇਵੀ ਦੀ ਪੁਰਾਣੀ ਫੋਟੋ।