ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 20 ਸਤੰਬਰ
ਪੰਜਾਬ ਯੂਥ ਕਾਂਗਰਸ ਵੱਲੋਂ ਖੇਤੀ ਬਿਲਾਂ ਦੇ ਵਿਰੋਧ ਵਿੱਚ ਕੱਢੀ ਗਈ ਟਰੈਕਟਰ ਰੈਲੀ ਵਿੱਚ ਮੁਹਾਲੀ ਤੋਂ ਅੱਜ ਸਵੇਰੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਅਗਵਾਈ ਹੇਠ ਸੈਂਕੜੇ ਟਰੈਕਟਰ ਰਵਾਨਾ ਹੋਵੇ। ਇਸ ਮੌਕੇ ਸੈਕਟਰ-80 ’ਚ ਯੂਥ ਕਾਂਗਰਸ ਵੱਲੋਂ ਭਰਵੀਂ ਰੋਸ ਰੈਲੀ ਵੀ ਕੀਤੀ ਗਈ। ਸੈਂਕੜੇ ਟਰੈਕਟਰਾਂ ਕਾਰਨ ਏਅਰਪੋਰਟ ਰੋਡ ’ਤੇ ਕੁੱਝ ਸਮੇਂ ਲਈ ਜਾਮ ਵਰਗੀ ਸਥਿਤੀ ਵੀ ਬਣੀ ਰਹੀ। ਇਸ ਮੌਕੇ ਯੂਥ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਤੋਂ ਟਰੈਕਟਰ ਰੋਸ ਮਾਰਚ ਆਰੰਭ ਕਰਨ ਸਮੇਂ ਖੁਦ ਟਰੈਕਟਰ ਚਲਾ ਕੇ ਅਤੇ ਝੰਡਾ ਵਿਖਾਕੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਖੇਤੀ ਬਿਲ ਕਿਸਾਨ ਵਿਰੋਧੀ ਹਨ ਤੇ ਇਸ ਨਾਲ ਸਮੁੱਚੇ ਵਰਗ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਨੇ ਵੱਡੀਆਂ ਸਰਮਾਏਦਾਰ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਣ ਲਈ ਅੰਨਦਾਤਾ ਕਿਸਾਨ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ 23 ਸਤੰਬਰ ਨੂੰ ਮੁੱਖ ਮੰਤਰੀ ਦੀ ਅਗਵਾਈ ਹੇਠ ਰਾਜ ਦੇ ਸਾਰੇ ਕਾਂਗਰਸੀ ਵਿਧਾਇਕ ਅਤੇ ਸਾਂਸਦ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਰਾਜਸੀ ਡਰਾਮਾ ਦੱਸਦਿਆਂ ਅਕਾਲੀ ਦਲ ਤੇ ਪੰਜਾਬ ਦੀ ਕਿਸਾਨੀ ਨਾਲ ਧਰੋਹ ਕਮਾਉਣ ਦਾ ਦੋਸ਼ ਲਾਇਆ।
ਰੈਲੀ ਨੂੰ ਐਡਵੋਕੇਟ ਕੰਵਰਬੀਰ ਸਿੱਧੂ ਨੇ ਸੰਬੋਧਨ ਕਰਦਿਆਂ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੀ ਆਵਾਜਾਈ ਪ੍ਰਭਾਵਿਤ
ਲਾਲੜੂ (ਸਰਬਜੀਤ ਸਿੰਘ ਭੱਟੀ): ਪੰਜਾਬ ਯੂਥ ਕਾਂਗਰਸ ਨੇ ਅੱਜ ਖੇਤੀਬਾੜੀ ਬਿਲਾਂ ਦਾ ਵਿਰੋਧ ਕਰਨ ਲਈ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ, ਜੋ ਜ਼ੀਰਕੁਪਰ ਤੋਂ ਸ਼ੁਰੂ ਹੋ ਕੇ ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਪਿੰਡ ਝਰਮੜੀ ਤੱਕ ਪੁੱਜੀ। ਇਸ ਦੌਰਾਨ ਮੁੱਖ ਮਾਰਗ ਦੀ ਟਰੈਫਿਕ ਪੂਰੀ ਤਰ੍ਹਾਂ ਜਾਮ ਰਹੀ। ਹਰਿਆਣਾ ਪੁਲੀਸ ਨੇ ਰੈਲੀ ਨੂੰ ਅੱਗੇ ਨਹੀਂ ਜਾਣ ਦਿੱਤਾ, ਜਦ ਕਿ ਇਹ ਰੈਲੀ ਦਿੱਲੀ ਤੱਕ ਜਾਣੀ ਸੀ। ਇਸ ਰੈਲੀ ਦੀ ਅਗਵਾਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਨਿਵਾਸ ਅਤੇ ਪੰਜਾਬ ਦੇ ਇੰਚਾਰਜ ਕ੍ਰਿਸ਼ਨਾ ਅਲਵਾਰੋ ਸਮੇਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਅਤੇ ਜਨਰਲ ਸਕੱਤਰ ਉਦੇਵੀਰ ਸਿੰਘ ਢਿਲੋਂ ਨੇ ਕੀਤੀ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਿਰਕਤ ਕੀਤੀ। ਰੋਹ ’ਚ ਆਏ ਕਿਸਾਨਾਂ ਨੇ ਇਕ ਟਰੈਕਟਰ ਨੂੰ ਅੱਗ ਲਾ ਦਿੱਤੀ। ਯੂਥ ਕਾਂਗਰਸ ਦੇ ਕੁਝ ਆਗੂਆਂ ਨੂੰ ਪੰਜਾਬ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।