ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਫਰਵਰੀ
ਨੂਰਪੁਰ ਬੇਦੀ-ਗੜ੍ਹਸ਼ੰਕਰ ਸੜਕ ’ਤੇ ਇਥੋਂ ਦੇ ਤਹਿਸੀਲ ਕੰਪਲੈਕਸ ਲਾਗੇ ਦੇਰ ਰਾਤ ਕਾਰ ਵੱਲੋਂ ਮਾਰੀ ਟੱਕਰ ਕਾਰਨ ਟਰੈਕਟਰ ਪਲਟ ਗਿਆ ਤੇ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਟਰੈਕਟਰ ਚਾਲਕ ਕਾਰ ਮਕੈਨਿਕ ਸੀ ਤੇ ਦੁਕਾਨ ਬੰਦ ਕਰ ਕੇ ਟਰੈਕਟਰ ਰਾਹੀਂ ਘਰ ਪਰਤ ਰਿਹਾ ਸੀ।
ਏ.ਐੱਸ.ਆਈ. ਇੰਦਰਪਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ (38) ਪੁੱਤਰ ਚਰਨ ਦਾਸ, ਵਾਸੀ ਪਿੰਡ ਸੈਣੀਮਾਜਰਾ, ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਵੇਰਵਿਆਂ ਅਨੁਸਾਰ ਉਹ ਰਾਤ ਕਰੀਬ ਸਾਢੇ 9 ਵਜੇ ਦੁਕਾਨ ਬੰਦ ਕਰਕੇ ਘਰ ਆ ਰਿਹਾ ਸੀ ਤੇ ਪਿੱਛੋਂ ਆਈ ਕਾਰ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਹਾਦਸੇ ਮਗਰੋਂ ਫਰਾਰ ਹੋ ਗਿਆ। ਦਵਿੰਦਰ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਪਿਤਾ ਚਰਨ ਦਾਸ ਦੇ ਬਿਆਨਾਂ ’ਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਟਰੱਕ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਹਲਾਕ
ਬੱਸੀ ਪਠਾਣਾਂ (ਅਜੈ ਮਲਹੋਤਰਾ): ਸਰਹਿੰਦ-ਪਟਿਆਲਾ ਸੜਕ ’ਤੇ ਪਿੰਡ ਗੁਣੀਆ ਮਾਜਰਾ ਨਜ਼ਦੀਕ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰਮਗੜ੍ਹ (ਫੱਗਣਮਾਜਰਾ) ਦਾ ਵਸਨੀਕ ਸੁਖਦੇਵ ਰਾਮ (22) ਪਟਿਆਲਾ ਵਿੱਚ ਸੈਲੂਨ ’ਤੇ ਕੰਮ ਕਰਦਾ ਸੀ ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੀਤੀ ਰਾਤ ਪਿੰਡ ਗੁਣੀਆ ਮਾਜਰਾ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਟਰੱਕ ਨੇ ਉਸ ਨੂੰ ਲਪੇਟ ’ਚ ਲੈ ਲਿਆ। ਟਰੱਕ ਚਾਲਕ ਉਸ ਨੂੰ ਕਾਫੀ ਦੂਰ ਘੜੀਸਦਾ ਲੈ ਗਿਆ। ਜ਼ਖ਼ਮੀ ਨੌਜਵਾਨ ਨੂੰ ਪਟਿਆਲਾ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੂਲੇਪੁਰ ਦੀ ਪੁਲੀਸ ਨੇ ਕੇਸ ਦਰਜ ਲਿਆ ਹੈ।