ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਅਗਸਤ
ਮੁਹਾਲੀ ਸ਼ਹਿਰ ਵਿੱਚ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ। ਮਾਰਕੀਟਾਂ ਦੇ ਐਂਟਰੀ ਪੁਆਇੰਟਾਂ, ਫੁੱਟਪਾਥਾਂ ਤੇ ਦੁਕਾਨਾਂ ਅੱਗੇ ਲੱਗਦੀਆਂ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਕਾਰਨ ਜਿੱਥੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਵੀ ਆਉਣ-ਜਾਣ ਵਿੱਚ ਦਿੱਕਤਾਂ ਪੇਸ਼ ਆਉਂਦੀਆਂ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਉਕਤ ਸਮੱਸਿਆ ਨੂੰ ਦੇਖਦੇ ਹੋਏ ਅੱਜ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਕ ਟਾਊਨ ਵੈਂਡਿੰਗ ਕਮੇਟੀ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿੱਚ ਟਾਊਨ ਵੈਂਡਿੰਗ ਨਾਲ ਸਬੰਧਤ ਸਮੂਹ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਕਮੇਟੀ ਵਿੱਚ ਕੌਂਸਲਰ, ਪੁਲੀਸ ਤੇ ਪ੍ਰਸ਼ਾਸਨ, ਵਪਾਰੀ ਵਰਗ ਅਤੇ ਸਟ੍ਰੀਟ ਵੈਂਡਰਜ਼ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ।
ਮੇਅਰ ਨੇ ਦੱਸਿਆ ਕਿ ਟਾਊਨ ਵੈਂਡਿੰਗ ਕਮੇਟੀ ਮੁਹਾਲੀ ਵਿੱਚ ਰੇਹੜੀਆਂ-ਫੜ੍ਹੀਆਂ ਵਾਲਿਆਂ ਅਤੇ ਨਗਰ ਨਿਗਮ ਵਿਚਾਲੇ ਤਾਲਮੇਲ ਦਾ ਕੰਮ ਕਰੇਗੀ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਮੁੜਵਸੇਬੇ ਲਈ ਯੋਜਨਾ ਤਿਆਰ ਕਰੇਗੀ ਤਾਂ ਜੋ ਰੇਹੜੀ-ਫੜ੍ਹੀ ਵਾਲੇ ਵੀ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਵੀ ਪੂਰੀਆਂ ਸਹੂਲਤਾਂ ਮਿਲ ਸਕਣਗੀਆਂ। ਸ੍ਰੀ ਜੀਤੀ ਸਿੱਧੂ ਨੇ ਦੱਸਿਆ ਕਿ ਟਾਊਨ ਵੈਂਡਿੰਗ ਕਮੇਟੀ ਵਿੱਚ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਤੇ ਜਸਪ੍ਰੀਤ ਸਿੰਘ ਗਿੱਲ, ਡੀਐੱਸਪੀ (ਟਰੈਫਿਕ) ਗੁਰਇਕਬਾਲ ਸਿੰਘ, ਨਗਰ ਨਿਗਮ ਭਵਨ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜਰ ਮਨਜੀਤ ਕੌਰ, ਚੀਫ਼ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸਰਵਹਿੱਤਕਾਰੀ ਕਲਿਆਣ ਸੁਸਾਇਟੀ ਦੇ ਸੀਨੀਅਰ ਸਲਾਹਕਾਰ ਜਸਵਿੰਦਰ ਸ਼ਰਮਾ, ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਐੱਸ ਚੌਧਰੀ, ਅਜੀਤ ਪਾਰਕ ਨੇਬਰਹੁੱਡ ਐਸੋਸੀਏਸ਼ਨ ਦੇ ਬਲਕਰਨ ਸਿੰਘ, ਮੁਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਮੁਨੀਸ਼ ਸਿੰਗਲਾ ਅਤੇ ਸਟ੍ਰੀਟ ਵੈਂਡਰ ਵਿਜੈ ਕੁਮਾਰ, ਮਨਜੀਤ ਸਿੰਘ, ਸਤਪਾਲ ਸਿੰਘ, ਪ੍ਰਸ਼ੋਤਮ ਲਾਲ, ਰਾਮ ਕੁਮਾਰੀ ਤੇ ਮਾਇਆ ਰਾਮ ਨੂੰ ਸ਼ਾਮਲ ਕੀਤਾ ਗਿਆ ਹੈ।
ਸ੍ਰੀ ਜੀਤੀ ਸਿੱਧੂ ਨੇ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਟਾਊਨ ਵੈਂਡਿੰਗ ਕਮੇਟੀ ਦਾ ਕੰਮ ਸੰਭਾਲਣ ਅਤੇ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਹੋਏ ਨਾ ਸਿਰਫ਼ ਰੇਹੜੀ-ਫੜ੍ਹੀ ਵਾਲਿਆਂ ਨੂੰ ਰੋਜ਼ੀ-ਰੋਟੀ ਕਮਾਉਣ ਦਾ ਹੱਕ ਦਿਵਾਉਣ ਸਗੋਂ ਇਹ ਵੀ ਯਕੀਨੀ ਬਣਾਉਣ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਵੀ ਖ਼ਤਮ ਕਰਵਾਇਆ ਜਾ ਸਕੇ ਤਾਂ ਜੋ ਮੁਹਾਲੀ ਵਾਸੀਆਂ ਨੂੰ ਬਾਜ਼ਾਰ ਵਿੱਚ ਆਉਣ-ਜਾਣ ਵੇਲੇ ਕੋਈ ਦਿੱਕਤ ਪੇਸ਼ ਨਾ ਆਵੇ।