ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਦਿੱਲੀ ਦੇ ਲੋਕਾਂ ਨੂੰ ਸਿਗਨੇਚਰ ਬ੍ਰਿਜ ਉਪਰ ਚੜ੍ਹ ਕੇ ਸ਼ਹਿਰ ਦੇਖਣ ਲਈ ਪੰਛੀ-ਝਾਤ ਨਜ਼ਾਰਾ ਮਾਰਨ ਲਈ ਅਜੇ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਇਸ ਪੁਲ ਲਈ ਅਧਿਕਾਰੀਆਂ ਨੂੰ ਕੁਝ ਮਨਜ਼ੂਰੀਆਂ ਲਈ ਹਰੀ ਝੰਡੀ ਨਹੀਂ ਮਿਲੀ ਹੈ। ਅਧਿਕਾਰੀਆਂ ਮੁਤਾਬਕ ਸੈਲਾਨੀਆਂ ਨੂੰ ਪੁਲ ਦੇ ਉਪਰ ਬਣੇ ਸ਼ੀਸ਼ਿਆਂ ਦੇ ਕੈਬਿਨ ਵਾਲੀ ਥਾਂ ’ਤੇ ਲੈ ਜਾਣ ਲਈ ਦੋ ਲਿਫ਼ਟਾਂ ਇੱਕ ਕੋਣ ਤੋਂ ਝੁੱਕੀਆਂ ਹੋਈਆਂ ਤੇ ਦੋ ਲਿਫ਼ਟਾਂ ਆਮ ਲਾਈਆਂ ਗਈਆਂ ਹਨ। ਉਨ੍ਹਾਂ ਮੁਤਾਬਕ ਦਿੱਲੀ ਸਰਾਕਰ ਦੇ ਕਿਰਤ ਮਹਿਕਮੇ ਦੇ ਬਿਜਲੀ ਵਿਭਾਗ ਤੋਂ ਲਿਫ਼ਟਾਂ ਸ਼ੁਰੂ ਕਰਨ ਲਈ ਤੇ ਸੈਲਾਨੀਆਂ ਨੂੰ ਦਿੱਲੀ ਦੇਖਣ ਲਈ ਗੈਲਰੀ ਤੱਕ ਪੁੱਜਦਾ ਕਰਨ ਲਈ ਕਾਨੂੰਨੀ ਮਨਜ਼ੂਰੀ ਦੀ ਲੋੜ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਪੁਲ ਬਾਰੇ ਦਾਅਵਾ ਕੀਤਾ ਸੀ ਕਿ ਇਹ ਦਿੱਲੀ ਦੀ ਕੁਤਬ ਮਿਨਾਰ ਤੋਂ ਦੁੱਗਣਾ ਉੱਚਾ ਹੈ। ਕੁਤਬ ਮਿਨਾਰ ਦੀ ਲੰਬਾਈ ਕਰੀਬ 73 ਮੀਟਰ ਹੈ। 127 ਸਟੀਲ ਦੇ ਰੱਸਿਆਂ ਨਾਲ ਬਣਿਆ ਦਿੱਲੀ ’ਚ ਇਹ ਪਹਿਲਾ ਪੁਲ ਹੈ। ਲਿਫ਼ਟਾਂ ਚਲਾਉਣ ਲਈ ਬੰਬੇ ਲਿਫ਼ਟਸ ਐਕਟ 1939 ਤਹਿਤ ਇਜਾਜ਼ਤ ਦਿੱਤੀ ਜਾਂਦੀ ਹੈ ਜਿਸ ਨੂੰ ਦਿੱਲੀ ਵਿੱਚ 1942 ਨੂੰ ਅਪਣਾਇਆ ਗਿਆ ਸੀ। ਸੂਤਰਾਂ ਮੁਤਾਬਕ ਹੁਣ ਮਹਿਕਮੇ ਵੱਲੋਂ ਕੌਮੀ ਤੇ ਕੌਮਾਂਤਰੀ ਮਾਹਿਰਾਂ ਨਾਲ ਸਲਾਹ ਕੀਤੀ ਜਾਵੇਗੀ ਕਿ ਝੁੱਕੀਆਂ ਹੋਈਆਂ ਲਿਫ਼ਟਾਂ ਦੀ ਵਰਤੋਂ ਦੀ ਮਨਜ਼ੂਰੀ ਲਈ ਕੌਮਾਂਤਰੀ ਮਾਪਦੰਡ ਤੇ ਸਾਰੇ ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਯਮੁਨਾ ਨਦੀ ’ਤੇ ਲੋਕ ਨਿਰਮਾਣ ਮਹਿਕਮੇ ਨੇ ਇਹ ਪੁੱਲ 1518.37 ਕਰੋੜ ਨਾਲ ਤਿਆਰ ਕਰਕੇ 2018 ਵਿੱਚ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ।