ਕਰਮਜੀਤ ਸਿੰਘ ਚਿੱਲਾ
ਬਨੂੜ, 29 ਅਪਰੈਲ
ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ 200 ਦਿਨ ਪੂਰੇ ਹੋ ਗਏ ਹਨ। ਗਿਆਰ੍ਹਾਂ ਅਕਤੂਬਰ ਤੋਂ ਚੌਵੀ ਘੰਟੇ ਚੱਲ ਰਹੇ, ਇਸ ਧਰਨੇ ਵਿੱਚ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਸਾਬਕਾ ਫੌਜੀ ਵੀ ਕਿਸਾਨਾਂ ਨਾਲ ਟੌਲ ਪਲਾਜ਼ਾ ਉੱਤੇ ਲਗਾਤਾਰ ਡਟੇ ਹੋਏ ਹਨ। ਧਰਨਾਕਾਰੀਆਂ ਨੇ ਅੱਜ ਇੱਥੇ ਮੀਟਿੰਗ ਕਰਕੇ ਖੇਤੀ ਕਾਨੂੰਨਾਂ ਦੇ ਖਾਤਮੇ ਤੱਕ ਧਰਨਾ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੀਟਿੰਗ ਨੂੰ ਪ੍ਰੇਮ ਸਿੰਘ ਬਨੂੜ, ਮੋਹਨ ਸਿੰਘ ਸੋਢੀ, ਗੁਰਦੇਵ ਸਿੰਘ, ਲਖਵਿੰਦਰ ਸਿੰਘ ਕਰਾਲਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਪਹਿਲੀ ਮਈ ਨੂੰ ਟੌਲ ਪਲਾਜ਼ਾ ਉੱਤੇ ਮਈ ਦਿਵਸ ਮਨਾਉਣ ਅਤੇ ਦੁਪਹਿਰ ਸਮੇਂ ਬਨੂੜ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਦਿਲਬਾਗ ਸਿੰਘ ਦੀ ਅਗਵਾਈ ਹੇਠ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ।