ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ (ਮੁਹਾਲੀ), 2 ਅਗਸਤ
ਇੱਥੋਂ ਦੇ ਫੇਜ਼ ਇੱਕ ਦੇ ਪਾਰਕ ਵਿੱਚ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਵੱਲੋਂ ਫੋਕਲੋਰ ਫ੍ਰੇਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਮਹੀਨਾਵਾਰ ਵਿਰਾਸਤੀ ਅਖਾੜੇ ਦੇ 27ਵੇਂ ਮਹੀਨੇ ਤੀਆਂ ਧੀਆਂ ਦੀਆਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਗੁਰਮੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਤੇ ਕਲਰਜ਼ ਚੈਨਲ ਦੇ ਸੀਰੀਅਲ ਉਡਾਰੀਆਂ ਦੀ ਟੀਮ ’ਚੋਂ ਅੰਮ੍ਰਿਤ ਕੌਰ, ਫ਼ਿਲਮੀ ਅਦਾਕਾਰਾ ਕਮਲ ਡਾਡੀਆਲਾ ਅਤੇ ਇੰਟਰਨੈਸ਼ਨਲ ਗਿੱਧਾ ਕੋਚ ਪ੍ਰੋ. ਜਸਵੀਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ੁਰੂਆਤ ਖੁੱਲ੍ਹੇ ਅਸਮਾਨ ਹੇਠ ਦਰੱਖਤਾਂ ਥੱਲੇ ਸਜਾਏ ਤੀਆਂ ਦੇ ਪਿੜ ਵਿੱਚ ਪੀਂਘਾਂ ਝੂਟਣ, ਰੱਸੀ ਟੱਪਣ, ਗੀਟੇ ਤੇ ਪੀਚੋ ਖੇਡਣ ਨਾਲ ਹੋਈ। ਮੰਚ ਸੰਚਾਲਨ ਗਿੱਧਾ ਕੋਚ ਅਰਵਿੰਦਰਜੀਤ ਕੌਰ ਸੋਨੂ ਅਤੇ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਨੇ ਕੀਤਾ। ਇਸ ਮੌਕੇ ਮੁਟਿਆਰਾਂ ਨੇ ਸੁਖਬੀਰ ਪਾਲ ਕੌਰ ਦੀ ਨਿਰਦੇਸ਼ਨਾ ਵਿਚ ਗਿੱਧੇ ਪਾ ਕੇ ਧਮਾਲ ਪਾ ਦਿੱਤੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਭਗੜਾਣਾ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਰਵਿੰਦਰ ਕੌਰ ਨੇ ਦੱਸਿਆ ਕਿ ਪੁਰਾਤਨ ਰੀਤੀ ਰਿਵਾਜਾਂ ਅਨੁਸਾਰ ਕਰਵਾਈਆਂ ਗਤੀਵਿਧੀਆਂ ਵਿਚ ਧੀਆਂ ਤੇ ਮੁਟਿਆਰਾਂ ਨੇ ਹਿੱਸਾ ਲਿਆ ਅਤੇ ਬੱਚਿਆਂ ਦੇ ਗਰੁੱਪ ਡਾਂਸ ਤੇ ਖੇਡਾਂ ਵੀ ਕਰਵਾਈਆਂ ਗਈਆਂ।
ਪੰਚਕੂਲਾ (ਪੱਤਰ ਪ੍ਰੇਰਕ): ਇਥੋਂ ਦੇ ਸੈਕਟਰ-6 ਸਥਿਤ ਜਿਮਖਾਨਾ ਕਲੱਬ ਵਿੱਚ ਤ੍ਰੈਭਾਸ਼ੀ ਕਵੀ ਦਰਬਾਰ ਹੋਇਆ। ਇਸ ਮੌਕੇ ਮੁੱਖ ਮਹਿਮਾਨ ਡਾ. ਸਰਬਜੀਤ ਸੋਹਲ ਸੀ। ਜਿਨ੍ਹਾਂ ਨੇ ਸ਼ਾਇਰ ਅਸ਼ੋਕ ਭੰਡਾਰੀ ‘ਨਾਦਿਰ’ ਨੂੰ ਸਨਮਾਨਿਤ ਕੀਤਾ।
ਰਿਵਰਲੈਂਡ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਰਿਵਰਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਕਤਲੌਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਹਿੰਦੀ ਲਗਾਉਣਾ, ਪੱਗ ਬੰਨ੍ਹਣਾ, ਕਾਰਡ ਬਣਾਉਣਾ ਸਣੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਸੰਸਥਾ ਦੇ ਐੱਮਡੀ ਕੁਲਦੀਪ ਸਿੰਘ ਕੰਗ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਦੀ ਮਹੱਤਤਾ ਬਾਰੇ ਦੱਸਿਆ। ਸਕੂਲ ਦੀ ਪ੍ਰਿੰਸੀਪਲ ਦਲਜੀਤ ਕੌਰ ਗਿੱਲ ਨੇ ਵੀ ਬੱਚਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅੰਮ੍ਰਿਤਪਾਲ ਕੌਰ ਤੇ ਰਮਨਦੀਪ ਕੌਰ ਹਾਜ਼ਰ ਸਨ।