ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਈ
ਇਥੇ ਬੁੜੈਲ ਜੇਲ੍ਹ ਦੇ ਨੇੜੇ ਟਿਫਨ ਬੰਬ ਮਿਲਣ ਤੋਂ 15 ਦਿਨ ਬਾਅਦ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲੀਸ ਦੇ ਹੱਥ ਖਾਲੀ ਹਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕਰਨਾਲ ਵਿੱਚੋਂ ਫੜੇ ਗਏ ਚਾਰ ਅਤਿਵਾਦੀਆਂ ’ਤੇ ਚੰਡੀਗੜ੍ਹ ਪੁਲੀਸ ਸ਼ੱਕ ਕਰ ਰਹੀ ਹੈ। ਪੁਲੀਸ ਇਨ੍ਹਾਂ ਚਾਰਾਂ ਦਹਿਸ਼ਤਗਰਦਾਂ ਨੂੰ ਪੁੱਛ-ਪੜਤਾਲ ਲਈ ਚੰਡੀਗੜ੍ਹ ਲਿਆ ਸਕਦੀ ਹੈ। ਪੁਲੀਸ ਦੀ ਮੰਨਣਾ ਹੈ ਕਿ ਦਹਿਸ਼ਤਗਰਦਾਂ ਤੋਂ ਪੜਤਾਲ ਦੌਰਾਨ ਕੋਈ ਖੁਲਾਸਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਇਸ ਬਾਰੇ ਚੰਡੀਗੜ੍ਹ ਪੁਲੀਸ ਅਧਿਕਾਰਤ ਤੌਰ ’ਤੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੁੜੈਲ ਜੇਲ੍ਹ ਨਜ਼ਦੀਕ 23 ਅਪਰੈਲ ਰਾਤ ਨੂੰ ਜੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ, ਉਸ ਨੂੰ ਐੱਨਐੱਸਜੀ ਦੀ ਨਿਗਰਾਨੀ ਹੇਠ ਅਗਲੇ ਦਿਨ ਦੁਪਹਿਰ ਸਮੇਂ ਨਸ਼ਟ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪੁਲੀਸ ਦੀਆਂ ਵੱਖ-ਵੱਖ ਟੀਮਾਂ ਪੰਜਾਬ ਦੇ ਨਵਾਂਸ਼ਹਿਰ, ਰੂਪਨਗਰ ਅਤੇ ਹਿਮਾਚਲ ਦੇ ਊਨਾ ਸ਼ਹਿਰ ਵਿੱਚ ਪੜਤਾਲ ਲਈ ਗਈਆਂ ਸਨ ਪਰ ਕੁਝ ਹੱਥ ਨਹੀਂ ਲੱਗਿਆ ਸੀ। ਇਸ ਦੌਰਾਨ ਜੇਲ੍ਹ ਵਿੱਚੋਂ ਮਿਲੇ ਖਾਲਿਸਤਾਨ ਐਕਸ਼ਨ ਫੋਰਸ ਦੇ ਪਰਚੇ ਨੇ ਪੁਲੀਸ ਦੀ ਨੀਂਦ ਉਡਾ ਦਿੱਤੀ ਸੀ। ਪੁਲੀਸ ਉਸ ਪਰਚੇ ਦੇ ਆਧਾਰ ’ਤੇ ਵੀ ਸਿੱਖ ਜਥੇਬੰਦੀਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।
ਪਟਿਆਲਾ ਹਿੰਸਾ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਥੇਬੰਦੀ ਦੀ ਕੌਮੀ ਪ੍ਰਧਾਨ ਭੈਣ ਰਜਨੀ ਠੁਕਰਾਲ ਅਤੇ ਹਰਿਆਣਾ ਤੇ ਪੰਜਾਬ ਦੇ ਜਨਰਲ ਸਕੱਤਰ ਰਾਮਾਨੰਦ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਹਿੰਦੂ ਪਰਿਸ਼ਦ ਨੇ ਪਟਿਆਲਾ ਵਿੱਚ 29 ਅਪਰੈਲ ਨੂੰ ਹੋਈ ਹਿੰਸਾ ਦੀ ਨਿੰਦਾ ਕੀਤੀ। ਪਰਿਸ਼ਦ ਦੇ ਆਗੂਆਂ ਨੇ ਕਿਹਾ ਕਿ ਪਟਿਆਲਾ ਹਿੰਸਾ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਅੰਜਾਮ ਦਿੱਤਾ ਗਿਆ ਸੀ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪਟਿਆਲਾ ਹਿੰਸਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਜਥੇਬੰਦੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਿੰਸਾ ਮਗਰੋਂ ਜੇਲ੍ਹਾਂ ਵਿੱਚ ਬੰਦ ਵਿਅਕਤੀਆਂ ਨੂੰ ਰਿਹਾਅ ਨਾ ਕੀਤਾ ਜਾਵੇ। ਮੀਟਿੰਗ ਵਿੱਚ ਜਥੇਬੰਦੀ ਦੇ ਵਿਸਤਾਰ ਅਤੇ ਹੋਰਨਾਂ ਮੰਗਾਂ ਬਾਰੇ ਚਰਚਾ ਕੀਤੀ ਗਈ ਹੈ। ਇਸ ਮੌਕੇ ਵਿਜੈ ਸਿੰਘ ਭਾਰਦਵਾਜ, ਵਿਜੈ ਕਪੂਰ, ਸੁਧੀਰ ਕੱਕੜ, ਮਨੋਜ ਕਪੂਰ, ਸ਼ਿਵ ਕੁਮਾਰ ਸੈਣੀ, ਡਾ. ਮੀਨਾ ਸ਼ਰਮਾ ਆਦਿ ਹਾਜ਼ਰ ਸਨ।