ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਇੱਥੋਂ ਦੇ ਪਿੰਡ ਦੜੂਆ ਵਿੱਚ ਸਥਿਤ ਵਾਲਮੀਕਿ ਮੰਦਰ ਅੱਗੇ ਨੌਜਵਾਨਾਂ ’ਤੇ ਹਮਲਾਵਰਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਦੀ ਪਛਾਣ ਸੁਮੀਤ, ਪਿੰਕੂ ਅਤੇ ਬਾਬਾ ਦੇਵਨਾਥ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਨੌਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿੱਚ ਇਕ ਦਿਨ ਪਹਿਲਾਂ ਝਗੜਾ ਹੋਇਆ ਸੀ, ਉਸੇ ਰੰਜਿਸ਼ ਦੇ ਚਲਦਿਆਂ ਨੌਜਵਾਨਾਂ ਵਿੱਚ ਮੁੜ ਝਗੜਾ ਹੋਇਆ ਹੈ। ਇਹ ਕੇਸ ਪੀੜਤ ਸੁਮੀਤ ਵਾਸੀ ਦੜੂਆ ਦੀ ਸ਼ਿਕਾਇਤ ’ਤੇ ਰਾਜਾ ਬਲਹਾਰੀ, ਕੁਲਦੀਪ, ਪਾਰਸ, ਮੋਟਾ, ਰਸ਼ੀਦ ਬਿੱਲਾ, ਪਵਨ, ਪ੍ਰਦੂਣ, ਬੇਦੀ ਅਤੇ ਗੋਪੀ ਵਾਸੀ ਕਲੋਨੀ ਨੰਬਰ-4 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।