ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਾਰਚ
ਸ਼ਹਿਰ ਵਿੱਚ ਦੋ ਥਾਵਾਂ ਤੋਂ ਮੋਟਰਸਾਈਕਲ ਅਤੇ ਥ੍ਰੀ-ਵ੍ਹੀਲਰ ਚੋਰੀ ਹੋਏ ਹਨ। ਪਹਿਲੀ ਘਟਨਾ ਫੇਜ਼-1 ਇੰਡਸਟਰੀਅਲ ਏਰੀਆ ਵਿੱਚ ਵਾਪਰੀ ਜਿੱਥੋਂ ਰੀਸ਼ੂ ਕੁਮਾਰ ਵਾਸੀ ਸੈਕਟਰ 40-ਬੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਉਸ ਨੇ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸ ਦਾ ਮੋਟਰਸਾਈਕਲ ਪਲਾਟ ਨੰਬਰ-9 ਦੇ ਅੱਗੇ ਖੜ੍ਹਾ ਸੀ ਜਿਸ ਨੂੰ ਕੋਈ ਚੋਰੀ ਕਰਕੇ ਫ਼ਰਾਰ ਹੋ ਗਿਆ। ਦੂਜੀ ਘਟਨਾ ਅਨਾਜ ਮੰਡੀ ਸੈਕਟਰ-26 ਵਿੱਚ ਵਾਪਰੀ ਜਿੱਥੋਂ ਮਦਨ ਕੁਮਾਰ ਸਿੰਘ ਵਾਸੀ ਪਿੰਡ ਕਜਹੇੜੀ ਦਾ ਥ੍ਰੀ-ਵ੍ਹੀਲਰ ਚੋਰੀ ਹੋ ਗਿਆ। ਉਸ ਨੇ ਥਾਣਾ ਸੈਕਟਰ-26 ਦੀ ਪੁਲੀਸ ਨੂੰ ਮਾਮਲੇ ਬਾਰੇ ਸ਼ਿਕਾਇਤ ਕਰ ਦਿੱਤੀ ਹੈ। ਪੁਲੀਸ ਨੇ ਦੋਹਾਂ ਘਟਨਾਵਾਂ ਸਬੰਧੀ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।