ਹਰਜੀਤ ਸਿੰਘ
ਜ਼ੀਰਕਪੁਰ, 24 ਅਗਸਤ
ਇੱਥੋਂ ਦੀ ਹਵਾਈ ਅੱਡੇ ਵਾਲੀਆਂ ਟਰੈਫਿਕ ਲਾਈਟਾਂ ’ਤੇ ਲੰਘੀ 22 ਅਗਸਤ ਨੂੰ ਸੁਡਾਨ ਦੇਸ਼ ਦੇ ਵਸਨੀਕ ਇਕ ਵਿਦਿਆਰਥੀ ਨੂੰ ਅਣਪਛਾਤਿਆਂ ਵੱਲੋਂ ਲੁੱਟ ਲਿਆ ਗਿਆ। ਸੁਡਾਨ ਦਾ ਵਸਨੀਕ ਸਲਾਹਿਦੀਨ ਬਸ਼ੀਰ ਖੈਰਲਸੀਦ ਇੱਥੇ ਬੀ.ਟੈੱਕ ਦੀ ਪੜ੍ਹਾਈ ਕਰ ਰਿਹਾ ਹੈ। ਉਹ ਹਾਊਸਫੈੱਡ ਕੰਪਲੈਕਸ ਬਨੂੜ ਵਿਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਲਾਹਿਦੀਨ ਬਸ਼ੀਰ ਖੈਰਲਸੀਦ ਨੇ ਦੱਸਿਆ ਕਿ ਲੰਘੀ 22 ਅਗਸਤ ਨੂੰ ਉਸ ਨੇ ਆਪਣੇ ਵੀਜ਼ਾ ਤੇ ਪਾਸਪੋਰਟ ਸਬੰਧੀ ਦਿੱਲੀ ਜਾਣਾ ਸੀ, ਇਸ ਲਈ ਉਹ ਬਨੂੜ ਤੋਂ ਇਕ ਥ੍ਰੀ-ਵ੍ਹੀਲਰ ’ਚ ਬੈਠ ਕੇ ਜ਼ੀਰਕਪੁਰ ਵੱਲ ਆ ਰਿਹਾ ਸੀ। ਥ੍ਰੀ-ਵ੍ਹੀਲਰ ਵਿੱਚ ਪਹਿਲਾਂ ਤੋਂ ਛੇ-ਸੱਤ ਜਣੇ ਸਵਾਰ ਸਨ। ਇਸ ਦੌਰਾਨ ਜਦੋਂ ਉਹ ਹਵਾਈ ਅੱਡੇ ਵਾਲੇ ਲਾਈਟ ਪੁਆਇੰਟ ’ਤੇ ਪਹੁੰਚਿਆ ਤਾਂ ਥ੍ਰੀ-ਵ੍ਹੀਲਰ ਸਵਾਰ ਹੋਰ ਵਿਅਕਤੀ ਉਸ ਨੂੰ ਡਰਾਉਣ ਲੱਗੇ ਕਿ ਉਹ ਨਸ਼ੇ ਦਾ ਧੰਦਾ ਕਰਦਾ ਹੈ। ਇਸ ਦੌਰਾਨ ਉਹ ਉਸ ਨਾਲ ਧੱਕਾ-ਮੁੱਕੀ ਕਰਨ ਲੱਗੇ। ਇਸ ਦੌਰਾਨ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਚੱਲਦੇ ਥ੍ਰੀ-ਵ੍ਹੀਲਰ ਵਿੱਚੋਂ ਛਾਲ ਮਾਰ ਦਿੱਤੀ। ਉਪਰੰਤ ਥ੍ਰੀ-ਵ੍ਹੀਲਰ ਸਵਾਰ ਵੀ ਉਸ ਦੇ ਪਿੱਛੇ ਆ ਗਏ ਅਤੇ ਸਾਰੇ ਜਣੇ ਉਸ ’ਤੇ ਝਪਟ ਪਏ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਦਿਆਂ ਉਸ ਕੋਲੋਂ 10 ਹਜ਼ਾਰ ਰੁਪਏ, ਪਾਸਪੋਰਟ, ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਸਾਮਾਨ ਖੋਹ ਲਿਆ ਤੇ ਪਿੰਡ ਛੱਤ ਵਲ ਫ਼ਰਾਰ ਹੋ ਗਏ। ਜਾਂਚ ਅਫਸਰ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।