ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਮਾਰਚ
ਇਥੇ ਸੈਕਟਰ 8-9 ਤੇ 17-18 ਵਾਲੇ ਲਾਈਟ ਪੁਆਇੰਟ ’ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਥ੍ਰੀ-ਵ੍ਹੀਲਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਕਿਸ਼ਨ ਪਾਲ ਵਾਸੀ ਯੂਪੀ ਵਜੋਂ ਹੋਈ ਹੈ। ਉਹ ਹੁਸ਼ਿਆਰਪੁਰ ਰਹਿੰਦਾ ਸੀ ਤੇ ਕਿਸੇ ਕੰਮ ਲਈ ਚੰਡੀਗੜ੍ਹ ਆਇਆ ਸੀ। ਜ਼ਖ਼ਮੀਆਂ ਵਿੱਚ ਗੋਪਾਲ, ਕ੍ਰਿਸ਼ਨ ਅਤੇ ਸੋਨੂੰ ਸ਼ਾਮਲ ਹਨ। ਥ੍ਰੀ-ਵ੍ਹੀਲਰ ਵਿੱਚ ਸਵਾਰ ਵਿਅਕਤੀ ਹੁਸ਼ਿਆਰਪੁਰ ਤੋਂ ਸੈਕਟਰ-26 ਦੀ ਮੰਡੀ ਵਿੱਚ ਫ਼ਲ ਖਰੀਦਣ ਲਈ ਆਏ ਸਨ। ਉਹ ਮਟਕਾ ਚੌਕ ਵੱਲੋਂ ਰਹੇ ਸਨ ਤੇ ਸੈਕਟਰ 17-18 ਵਾਲੇ ਚੌਕ ਵਿੱਚ ਕਾਰ ਨੇ ਥ੍ਰੀ-ਵ੍ਹੀਲਰ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਕਿਸ਼ਨ ਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸੈਕਟਰ-3 ਦੀ ਪੁਲੀਸ ਨੇ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।