ਹਰਜੀਤ ਸਿੰਘ
ਜ਼ੀਰਕਪੁਰ, 25 ਜੂਨ
ਪੁਲੀਸ ਨੇ ਥ੍ਰੀ-ਵ੍ਹੀਲਰ ਵਿੱਚ ਸਵਾਰੀ ਨੂੰ ਬਿਠਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਵਾਰਦਾਤ ਵਿੱਚ ਵਰਤੇ ਜਾਣ ਵਾਲੇ ਥ੍ਰੀ-ਵ੍ਹੀਲਰ ਅਤੇ ਚਾਕੂ ਬਰਾਮਦ ਕਰ ਲਏ ਹਨ। ਮੁਲਜ਼ਮਾਂ ਵੱਲੋਂ ਲੰਘੇ ਦਿਨੀਂ ਡਿਊਟੀ ਤੋਂ ਘਰ ਪਰਤ ਰਹੀ ਇਕ ਲੜਕੀ ਨੂੰ ਥ੍ਰੀ-ਵ੍ਹੀਲਰ ਵਿੱਚ ਬਿਠਾ ਕੇ ਉਸ ਤੋਂ 6900 ਰੁਪਏ ਲੁੱਟੇ ਹਨ। ਲੜਕੀ ਦੀ ਸ਼ਿਕਾਇਤ ਮਗਰੋਂ ਪੁਲੀਸ ਨੇ ਮੁਲਜ਼ਮਾਂ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ 20 ਸਾਲਾ ਦਾ ਸੁਭਾਸ਼ ਭਾਰਤੀ ਵਾਸੀ ਨਵਾਂਗਾਊ, 19 ਸਾਲਾ ਦਾ ਪ੍ਰਕਾਸ਼ ਕੁਮਾਰ ਵਾਸੀ ਉੱਤਰ ਪ੍ਰਦੇਸ਼ ਅਤੇ 22 ਸਾਲਾ ਦਾ ਮਗਨ ਕੁਮਾਰ ਵਾਸੀ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ ਹੈ।
ਇਸ ਸਬੰਧੀ ਐਸ.ਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਲੰਘੀ 23 ਤਰੀਕ ਨੂੰ ਮੁਲਜ਼ਮਾਂ ਨੇ ਲੜਕੀ ਨੂੰ ਥ੍ਰੀ-ਵ੍ਹੀਲਰ ’ਚ ਬਿਠਾ ਕੇ ਚਾਕੂ ਦਿਖਾ ਕੇ ਕੈਸ਼ ਦੀ ਮੰਗ ਕੀਤੀ। ਲੜਕੀ ਕੋਲ ਜ਼ਿਆਦਾ ਨਕਦੀ ਨਾ ਹੋਣ ਕਾਰਨ ਉਨ੍ਹਾਂ ਨੇ ਲੜਕੀ ਦੇ ਮੋਬਾਈਲ ਰਾਹੀਂ ਗੂਗਲ ਪੇਅ ਤੋਂ 6900 ਰੁਪਏ ਆਪਣੇ ਖਾਤੇ ਵਿੱਚ ਪੁਆ ਲਏ। ਇਸ ਮਗਰੋਂ ਉਹ ਲੜਕੀ ਨੂੰ ਥ੍ਰੀ-ਵ੍ਹੀਲਰ ਤੋਂ ਸੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਗੂਗਲ ਪੇਅ ਰਾਹੀਂ ਪੈਸੇ ਟ੍ਰਾਂਸਫਰ ਹੋਣ ਵਾਲੇ ਮੋਬਾਈਲ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿਛ ਵਿੱਚ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਲਿਆ। ਉਨ੍ਹਾਂ ਨੇ ਦੱਸਿਆ ਆਰਜ਼ੀ ਨੰਬਰ ਦਾ ਇਹ ਥ੍ਰੀ-ਵ੍ਹੀਲਰ ਉਨ੍ਹਾਂ ਨੇ ਕਿਰਾਏ ’ਤੇ ਲਿਆ ਸੀ ਜੋ ਵਾਰਦਾਤ ਵਿੱਚ ਵਰਤਦੇ ਸੀ। ਮੁਲਜ਼ਮਾਂ ਵਿੱਚੋਂ ਸੁਭਾਸ਼ ਭਾਰਤੀ ਖ਼ਿਲਾਫ਼ ਪਹਿਲਾਂ ਵੀ ਨਵਾਂਗਾਊ ਥਾਣੇ ਵਿੱਚ ਲੁੱਟ-ਖੋਹ ਦਾ ਕੇਸ ਦਰਜ ਹੈ ਜਿਸ ਮਾਮਲੇ ਵਿੱਚ ਉਹ ਜ਼ਮਾਨਤ ’ਤੇ ਬਾਹਰ ਚਲ ਰਿਹਾ ਹੈ। ਐਸ.ਪੀ. ਰਵਜੋਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਵਿੱਚ ਹੋਰ ਵੀ ਵਾਰਦਾਤਾਂ ਸੁਲਝਣ ਦੀ ਸੰਭਾਵਨਾ ਹੈ।