ਚੰਡੀਗੜ੍ਹ: ਪੁਲੀਸ ਨੇ ਧਨਾਸ ਇਲਾਕੇ ਵਿੱਚ ਥ੍ਹੀ ਵ੍ਹੀਲਰ ਚਾਲਕ ਨੂੰ ਲੁੱਟਣ ਦੇ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ 21 ਸਾਲਾ ਰੋਹਿਤ ਵਾਸੀ ਸੈਕਟਰ-38 ਵਜੋਂ ਹੋਈ ਹੈ। ਪੁਲੀਸ ਇਸ ਮਾਮਲੇ ਵਿੱਚ ਪਹਿਲਾਂ 19 ਸਾਲਾ ਰਜਤ ਵਾਸੀ ਸੈਕਟਰ-38 ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਲੁੱਟਿਆ ਹੋਇਆ ਸਾਮਾਨ ਤੇ ਦਸਤਾਵੇਜ਼ ਬਰਾਮਦ ਕਰ ਲਏ ਹਨ। ਪੁਲੀਸ ਅਨੁਸਾਰ ਸੰਜੇ ਕੁਮਾਰ ਵਾਸੀ ਮਿਲਕ ਕਾਲੋਨੀ ਧਨਾਸ ਬੀਤੀ 2 ਅਗਸਤ ਦੀ ਰਾਤ ਨੂੰ ਆਪਣੇ ਥ੍ਰੀ ਵ੍ਹੀਲਰ ਰਾਹੀਂ ਘਰ ਪਰਤ ਰਿਹਾ ਸੀ। ਜਦੋਂ ਉਹ ਸੈਕਟਰ-25/28 ਦੀ ਲਾਈਟਾਂ ’ਤੇ ਪਹੁੰਚਿਆ ਤਾਂ ਇਨ੍ਹਾਂ ਨੌਜਵਾਨ ਨੇ ਲਿਫ਼ਟ ਲੈਣ ਦੇ ਬਹਾਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਮੋਬਾਈਲ, ਪਰਸ ਜਿਸ ਵਿੱਚ ਆਧਾਰ ਕਾਰਡ, ਪੈਨ ਕਾਰਡ ਅਤੇ 500 ਰੁਪਏ ਸੀ ਖੋਹ ਲਏ। ਰਜਤ ਮਜ਼ਦੂਰੀ ਕਰਦਾ ਹੈ, ਜਦੋਂਕਿ ਰੋਹਿਤ ਰੇਹੜੀ ਫੜੀ ਲਗਾਉਂਦਾ ਹੈ। ਥਾਣਾ ਮਲੋਆ ਦੀ ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। -ਟਨਸ