ਆਤਿਸ਼ ਗੁਪਤਾ
ਚੰਡੀਗੜ੍ਹ, 6 ਸਤੰਬਰ
ਇੱਥੇ ਮੱਧਿਆ ਮਾਰਗ ’ਤੇ ਸੈਕਟਰ-28 ਦੇ ਨਜ਼ਦੀਕ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਕਰੰਸੀ ਲੈ ਕੇ ਜਾ ਰਹੇ ਤਿੰਨ ਟਰਾਲੇ ਆਪਸ ਵਿੱਚ ਭਿੜ ਗਏ। ਹਾਦਸੇ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਸਣੇ ਤਿੰਨ ਜਣਿਆਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਮਹਿਲਾ ਪੁਲੀਸ ਮੁਲਾਜ਼ਮ ਦੇ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਪੜਤਾਲ ਸ਼ੁਰੂ ਕੀਤੀ। ਪੀੜਤਾਂ ਦੀ ਪਛਾਣ ਮਹਿਲਾ ਪੁਲੀਸ ਮੁਲਾਜ਼ਮ ਬਬੀਤਾ ਅਤੇ ਟਰਾਲੇ ਦੇ ਚਾਲਕ ਗੁਰਭੇਜ ਸਿੰਘ ਵਾਸੀ ਰੋਪੜ ਅਤੇ ਤਜਿੰਦਰ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਆਰਬੀਆਈ ਦੀ ਕਰੰਸੀ ਆਈ ਸੀ ਜਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜ ਟਰਾਲਿਆਂ ਰਾਹੀਂ ਰੇਲਵੇ ਸਟੇਸ਼ਨ ਤੋਂ ਸੈਕਟਰ 17 ’ਚ ਸਥਿਤ ਆਰਬੀਆਈ ਦਫ਼ਤਰ ਵਿੱਚ ਲਿਜਾਇਆ ਜਾ ਰਿਹਾ ਸੀ। ਜਦੋਂ ਕਰੰਸੀ ਵਾਲੇ ਟਰਾਲੇ ਮੱਧਿਆ ਮਾਰਗ ’ਤੇ ਸੈਕਟਰ-28 ਦੇ ਨਜ਼ਦੀਕ ਪਹੁੰਚੇ ਤਾਂ ਟਰਾਲੇ ਅੱਗੇ ਇੱਕ ਗੱਡੀ ਨੇ ਬਰੇਕ ਮਾਰ ਦਿੱਤੀ। ਇਸ ਨਾਲ ਪਿੱਛੇ ਆ ਰਹੇ ਟਰਾਲਿਆਂ ਨੇ ਵੀ ਬਰੇਕ ਲਗਾ ਦਿੱਤੀ ਜਿਸ ਕਾਰਨ ਕਰੰਸੀ ਵਾਲੇ ਪਹਿਲੇ 3 ਟਰਾਲੇ ਆਪਸ ਵਿੱਚ ਭਿੜ ਗਏ ਜਦਕਿ ਪਿਛਲੇ ਦੋ ਟਰਾਲਿਆਂ ਦੀ ਟੱਕਰ ਨਾ ਹੋਣ ਕਾਰਨ ਬਚਾਅ ਰਹਿ ਗਿਆ।
ਇਸ ਦੌਰਾਨ ਦੋ ਟਰਾਲਾ ਚਾਲਕ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵੀ ਸੈਕਟਰ-16 ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਪਹੁੰਚੇ। ਪੁਲੀਸ ਕਰੰਸੀ ਲੈ ਕੇ ਜਾ ਰਹੇ ਵਾਹਨਾਂ ਅੱਗੇ ਆਉਣ ਵਾਲੀ ਕਾਰ ਦੀ ਵੀ ਜਾਂਚ ਕਰ ਰਹੀ ਹੈ।
ਇੱਕ ਘੰਟਾ ਦੋ ਟਰਾਲੇ ’ਚ ਫਸੀ ਰਹੀ ਮਹਿਲਾ ਪੁਲੀਸ ਮੁਲਾਜ਼ਮ
ਇਸ ਟੱਕਰ ਦੌਰਾਨ ਟਰਾਲੇ ਵਿੱਚ ਸੁਰੱਖਿਆ ਦੇ ਚੱਲਦੇ ਬੈਠੀ ਮਹਿਲਾ ਪੁਲੀਸ ਮੁਲਾਜ਼ਮ ਬਬੀਤਾ ਫਸ ਗਈ ਜਿਸ ਨੂੰ ਕੱਢਣ ਲਈ ਕਰੇਨ ਬੁਲਾਈ ਗਈ। ਕਰੇਨ ਦੀ ਮਦਦ ਦੇ ਨਾਲ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਪਰ ਸੱਟਾਂ ਜ਼ਿਆਦਾ ਲੱਗਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।
ਸਖ਼ਤ ਸੁਰੱਖਿਆ ਹੇਠ ਕਰੰਸੀ ਦੂਜੇ ਟਰਾਲੇ ’ਚ ਤਬਦੀਲ ਕੀਤੀ
ਸੈਕਟਰ-28 ਦੇ ਨਜ਼ਦੀਕ ਆਰਬੀਆਈ ਦੀ ਕਰੰਸੀ ਲੈ ਕੇ ਜਾ ਰਹੇ ਤਿੰਨ ਟਰਾਲਿਆਂ ਦੀ ਟੱਕਰ ਹੋਣ ਨਾਲ ਦੋ ਟਰਾਲਿਆਂ ਦਾ ਕਾਫ਼ੀ ਨੁਕਸਾਨ ਹੋ ਗਿਆ। ਇਨ੍ਹਾਂ ਟਰਾਲਿਆਂ ਵਿੱਚ ਕਰੋੜਾਂ ਰੁਪਏ ਦੀ ਕਰੰਸੀ ਸੀ ਜਿਸ ਨੂੰ ਤੁਰੰਤ ਦੋ ਹੋਰ ਟਰਾਲੇ ਮੰਗਵਾ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਬਦੀਲ ਕੀਤਾ ਗਿਆ। ਇਸ ਦੌਰਾਨ ਪੁਲੀਸ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਟਰਾਲਿਆਂ ਦੇ ਆਲੇ-ਦੁਆਲੇ ਸੁਰੱਖਿਆ ਵਜੋਂ ਤਾਇਨਾਤ ਸਨ।
ਤੂੜੀ ਵਾਲੀ ਟਰਾਲੀ ਪਲਟੀ, ਚੰਡੀਗੜ੍ਹ ਦਾ ਪਰਿਵਾਰ ਵਾਲ-ਵਾਲ ਬਚਿਆ
ਲਾਲੜੂ (ਸਰਬਜੀਤ ਸਿੰਘ ਭੱਟੀ): ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਆਈਟੀਆਈ ਚੌਕ ਵਿੱਚ ਸਵੇਰੇ ਤੂੜੀ ਨਾਲ ਲੱਦੀ ਹੋਈ ਇੱਕ ਟਰਾਲੀ ਪਲਟ ਗਈ ਜਿਸ ਦੌਰਾਨ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ। ਇਸ ਦੌਰਾਨ ਮੁੱਖ ਮਾਰਗ ਦੀ ਟਰੈਫਿਕ ਵਿੱਚ ਕਾਫ਼ੀ ਦੇਰ ਤੱਕ ਅੜਿੱਕਾ ਲੱਗਿਆ ਰਿਹਾ। ਇਸ ਮੌਕੇ ਟਰੈਕਟਰ-ਟਰਾਲੀ ਦੇ ਡਰਾਈਵਰ ਬਾਦਲ ਨੇ ਦੱਸਿਆ ਕਿ ਉਹ ਤੂੜੀ ਨਾਲ ਲੱਦੀ ਹੋਈ ਟਰਾਲੀ ਅੰਬਾਲੇ ਵੱਲੋਂ ਲੈ ਕੇ ਆ ਰਿਹਾ ਸੀ ਜੋ ਉਸ ਨੇ ਲਾਲੜੂ ਨੇੜੇ ਪੈਂਦੇ ਪਿੰਡ ਚਾਂਦਹੇੜੀ ਦੀ ਇੱਕ ਫੈਕਟਰੀ ਵਿੱਚ ਲੈ ਕੇ ਜਾਣੀ ਸੀ। ਜਿਵੇਂ ਹੀ ਸਵੇਰੇ ਪੌਣੇ ਸੱਤ ਵਜੇ ਉਹ ਆਈਟੀਆਈ ਚੌਕ ਪਾਰ ਕਰਨ ਲੱਗਾ ਤਾਂ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਸੰਤੁਲਨ ਵਿਗੜ ਕੇ ਟਰਾਲੀ ਸੜਕ ਦੇ ਵਿਚਕਾਰ ਪਲਟ ਗਈ। ਇਸ ਦੌਰਾਨ ਚੰਡੀਗੜ੍ਹ ਤੋਂ ਕਾਰ ਵਿੱਚ ਆ ਰਿਹਾ ਇੱਕ ਪੂਰਾ ਪਰਿਵਾਰ ਟਰਾਲੀ ਦੇ ਹੇਠਾਂ ਆਉਣ ਤੋਂ ਵਾਲ-ਵਾਲ ਬਚ ਗਿਆ।