ਆਤਿਸ਼ ਗੁਪਤਾ
ਚੰਡੀਗੜ੍ਹ, 4 ਅਪਰੈਲ
ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਆਨਲਾਈਨ ਵੋਟਿੰਗ ਕੀਤੀ ਗਈ ਹੈ ਜਿਸ ਵਿੱਚ ਸਭ ਤੋਂ ਵੱਧ ਵੋਟਾਂ ਪੈਣ ਵਾਲੇ ਤਿੰਨ ਨਾਵਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਇੰਟਰਵਿਊ ਤੋਂ ਬਾਅਦ ਇੱਕ ਨੂੰ ਪ੍ਰਧਾਨ ਐਲਾਨਿਆ ਜਾਵੇਗਾ। ਆਨਲਾਈਨ ਵੋਟਿੰਗ ਵਿੱਚ ਸਭ ਤੋਂ ਵੱਧ ਵੋਟਾਂ ਪੈਣ ਵਾਲਿਆਂ ਵਿੱਚ ਮਨੋਜ ਲੁਬਾਣਾ, ਲਵ ਕੁਮਾਰ ਅਤੇ ਪ੍ਰੀਕਸ਼ਿਤ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਚੁਣਿਆ ਜਾਵੇਗਾ। ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਕਾਂਗਰਸੀ ਪਾਰਟੀ ਨਵੀਂ ਅਹੁਦੇਦਾਰੀ ਦੇਣ ਵਿੱਚ ਕੋਈ ਕੋਤਾਹੀ ਨਹੀਂ ਵਰਤਣਾ ਚਾਹੁੰਦੀ ਹੈ। ਇਸ ਲਈ ਹਾਈਕਮਾਨ ਵੱਲੋਂ ਵਾਰ-ਵਾਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਸ਼ਹਿਰ ਵਿੱਚ 21 ਹਜ਼ਾਰ 790 ਨੌਜਵਾਨਾਂ ਨੇ ਵੋਟਿੰਗ ਕੀਤੀ। ਇਨ੍ਹਾਂ ਵਿੱਚ ਐੱਨਐੱਸਯੂਆਈ ਵਿੱਚ ਲੰਬਾਂ ਸਮਾਂ ਕੰਮ ਕਰ ਚੁੱਕੇ ਮਨੋਜ ਲੁਬਾਣਾ ਨੂੰ 7380 ਵੋਟਾਂ ਮਿਲਿਆ ਹਨ। ਉਸ ਤੋਂ ਬਾਅਦ ਲਵ ਕੁਮਾਰ ਨੂੰ 7047 ਅਤੇ ਪ੍ਰੀਕਸ਼ਿਤ ਨੂੰ 5818 ਵੋਟਾਂ ਮਿਲੀਆਂ ਹਨ। ਵੋਟਿੰਗ ਦੌਰਾਨ ਸੰਦੀਪ ਕੁਮਾਰ ਸੈਂਡੀ ਅਤੇ ਪ੍ਰੀਤੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜਦਕਿ 12 ਜਣਿਆ ਨੂੰ ਜਨਰਲ ਸਕੱਤਰ ਬਣਾਇਆ ਗਿਆ ਜਿਨ੍ਹਾਂ ਵਿੱਚ ਕੰਵਲਪ੍ਰੀਤ, ਗੌਰਵ, ਕਰਣਬੀਰ ਸਿੰਘ, ਸੁਖਦੇਵ, ਵਿਨਾਇਕ, ਨਵਦੀਪ, ਹਰਦੀਪ ਸਿੰਘ, ਅਜੈ ਕੁਮਾਰ, ਵਕੀਲ, ਖਾਨ, ਸਿਮਰਨਜੀਤ ਸਿੰਘ ਅਤੇ ਪ੍ਰਦੀਪ ਕੁਮਾਰ ਦੇ ਨਾਂ ਸ਼ਾਮਲ ਹਨ।
ਇਸੇ ਦੌਰਾਨ ਯੂਥ ਕਾਂਗਰਸ ਦੇ ਚਾਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਐਲਾਨ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਨੰਬਰ-1 ਦਾ ਪ੍ਰਧਾਨ ਰਵੀ ਪਰਾਸ਼ਰ, 2 ਦਾ ਪ੍ਰਧਾਨ ਧੀਰਜ ਗੁਪਤਾ, 4 ਦਾ ਪ੍ਰਧਾਨ ਦਵਿੰਦਰ ਸਿੰਘ ਅਤੇ 5 ਦਾ ਪ੍ਰਧਾਨ ਪ੍ਰਤਾਪ ਰਾਣਾ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਨੰਬਰ-3 ਦੇ ਪ੍ਰਧਾਨ ਦਾ ਐਲਾਨ ਨਹੀਂ ਕੀਤਾ ਗਿਆ।