ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜਨਵਰੀ
ਇਥੇ ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ, ਦੋ ਕਾਰਾਂ ਦੀਆਂ ਬੈਟਰੀਆਂ ਅਤੇ ਪਾਣੀ ਦੇ 9 ਮੀਟਰ ਚੋਰੀ ਹੋ ਗਏ ਹਨ। ਪਹਿਲੀ ਘਟਨਾ ਸੈਕਟਰ 41-ਏ ਵਿੱਚ ਵਾਪਰੀ ਜਿੱਥੇ ਘਰਾਂ ਦੇ ਬਾਹਰ ਲੱਗੇ ਪਾਣੀ ਦੇ 9 ਮੀਟਰ ਚੋਰੀ ਹੋ ਗਏ। ਇਸ ਬਾਰੇ ਬਲਬੀਰ ਸਿੰਘ ਕਾਹਲੋਂ ਨੇ ਥਾਣਾ ਸੈਕਟਰ-39 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਇਸੇ ਤਰ੍ਹਾਂ ਕਿਸ਼ਨਗੜ੍ਹ ਕਮਿਊਨਿਟੀ ਸੈਂਟਰ ਵਿੱਚ ਖੜ੍ਹੀਆਂ ਦੋ ਕਾਰਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹਨ। ਇਹ ਕਾਰਾਂ ਅਮਿਤ ਕੁਮਾਰ ਅਤੇ ਧਰਮਬੀਰ ਵਾਸੀਆਨ ਕਿਸ਼ਨਗੜ੍ਹ ਦੀਆਂ ਹਨ। ਉਨ੍ਹਾਂ ਨੇ ਥਾਣਾ ਆਈਟੀ ਪਾਰਕ ਦੀ ਪੁਲੀਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਹੈ।
ਇਸੇ ਤਰ੍ਹਾਂ ਸੈਕਟਰ-11 ਵਿੱਚੋਂ ਡਾ. ਜਤਿਨ ਦਾ ਮੋਟਰਸਾਈਕਲ ਘਰ ਦੇ ਨੇੜਿਓਂ ਚੋਰੀ ਹੋ ਗਿਆ ਅਤੇ ਸੈਕਟਰ 38-ਏ ਵਿੱਚੋਂ ਰਾਜਬੀਰ ਸਿੰਘ ਦਾ ਮੋਟਰਸਾਈਕਲ ਵੀ ਘਰ ਨੇੜਿਓਂ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਅਰੁਜ ਸਿੰਘ ਵਾਸੀ ਫੇਜ਼-2 ਰਾਮ ਦਰਬਾਰ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਦਾ ਪਰਸ ਝਪਟਿਆ
ਥਾਣਾ ਸੈਕਟਰ-26 ਅਧੀਨ ਪੈਂਦੀ ਅਨਾਜ ਮੰਡੀ ਚੌਕ ਵਿੱਚੋਂ ਲੰਘ ਰਹੀ ਲੜਕੀ ਦਾ ਪਰਸ ਮੋਟਰਸਾਈਕਲ ਸਵਾਰ ਨੌਜਵਾਨ ਝਪਟ ਕੇ ਫ਼ਰਾਰ ਹੋ ਗਏ। ਇਸ ਘਟਨਾ ਬਾਰੇ ਪੀੜਤ ਲੜਕੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਪੁਲੀਸ ਅਨੁਸਾਰ ਲੜਕੀ ਨੇ ਦੱਸਿਆ ਕਿ ਪਰਸ ਵਿੱਚ ਮੋਬਾਈਲ ਫੋਨ, ਕ੍ਰੈਡਿਟ/ਡੈਬਿਟ ਕਾਰਡ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।