ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 13 ਸਤੰਬਰ
ਪੁਲੀਸ ਸਟੇਸ਼ਨ ਦੇ ਪਿੱਛੇ ਸਥਿਤ ਸ਼ਕਤੀ ਨਗਰ ਤੋਂ ਸਾਬਕਾ ਕੌਂਸਲਰ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਣੇ ਤਿੰਨ ਛੋਟੇ ਬੱਚੇ ਅੱਜ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਏ ਜੋ ਸਾਢੇ ਅੱਠ ਘੰਟੇ ਬਾਅਦ ਅੰਮ੍ਰਿਤਸਰ ਪੁਲੀਸ ਨੂੰ ਮਿਲ ਗਏ। ਤਿੰਨੋਂ ਬੱਚੇ ਅੱਜ ਜਨਮ ਦਿਨ ਮਨਾਉਣ ਲਈ ਗਏ ਸਨ ਜਿਸ ਮਗਰੋਂ ਉਹ ਲਾਪਤਾ ਹੋ ਗਏ।
ਜਾਣਕਾਰੀ ਅਨੁਸਾਰ ਸਾਬਕਾ ਕੌਂਸਲਤ ਅੰਮ੍ਰਿਤਪਾਲ ਸਿੰਘ ਦੇ ਪੋਤੇ ਸਰਜਤ ਸਿੰਘ ਜੋ ਏਟੀਐੱਸ ਵੈਲੀ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ, ਦਾ ਜਨਮ ਦਿਨ ਸੀ। ਉਹ ਆਪਣੇ ਦੋ ਦੋਸਤ ਸ਼ੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਨਾਲ ਜਨਮ ਦਿਨ ਦੀ ਪਾਰਟੀ ਕਰਨ ਲਈ ਨਿਕਲਿਆ ਸੀ। ਸ਼ੁਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੋਵੇਂ ਜੁੜਵਾਂ ਭਰਾ ਹਨ ਅਤੇ ਡੇਰਾਬੱਸੀ ਨਿਊ ਕੈਬਰਿਜ਼ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਪੜ੍ਹਦੇ ਹਨ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤੇ ਤਾਂ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹੋ ਗਏ, ਜਿਨ੍ਹਾਂ ਵੱਲੋਂ ਪਹਿਲਾਂ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਵੱਲੋਂ ਜਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੇ ਜਣਿਆਂ ਨੇ ਦੁਪਹਿਰ ਪੌਣੇ ਦੋ ਵਜੇ ਪੁਲੀਸ ਸਟੇਸ਼ਨ ਦੇ ਪਿੱਛੇ ਪਿੱਜ਼ਾ ਖਾਧਾ ਜਿਸ ਮਗਰੋਂ ਉਹ ਚੰਡੀਗੜ੍ਹ ਦੀ ਬੱਸ ਚੜ੍ਹਦੇ ਦਿਖਾਈ ਦਿੱਤੇ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਫੌਰੀ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦਸ ਵਜੇ ਦੇ ਕਰੀਬ ਅੰਮ੍ਰਿਤਸਰ ਪੁਲੀਸ ਚੌਕੀ ਤੋਂ ਸੂਚਨਾ ਮਿਲੀ ਕਿ ਤਿੰਨ ਬੱਚੇ ਉੱਥੋਂ ਮਿਲੇ ਹਨ। ਇਹ ਬੱਚੇ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਚਲੇ ਗਏ ਸੀ ਜਿੱਥੇ ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲੀਸ ਨੇ ਉਨ੍ਹਾਂ ਨੂੰ ਚੌਂਕੀ ਵਿੱਚ ਬਿੱਠਾ ਕੇ ਡੇਰਾਬੱਸੀ ਥਾਣੇ ਨੂੰ ਸੂਚਿਤ ਕਰ ਦਿੱਤਾ ਜਿਨ੍ਹਾਂ ਨੂੰ ਲੈਣ ਲਈ ਪਰਿਵਾਰਕ ਮੈਂਬਰ ਨਿਕਲ ਗਏ ਹਨ।