ਪੱਤਰ ਪ੍ਰੇਰਕ
ਨੂਰਪੁਰ ਬੇਦੀ, 24 ਮਈ
ਪਿੰਡ ਮਾਧੋਪੁਰ ਵਿੱਚ ਕਾਰ ਦੀ ਟੱਕਰ ਵੱਜਣ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਰਣਜੀਤ ਸਿੰਘ ਵਾਸੀ ਉੱਪਰਲਾ ਗੜਬਾਗਾ ਨੇ ਦੱਸਿਆ ਕਿ ਸਵੇਰੇ ਕਰੀਬ 7 ਕੁ ਵਜੇ ਉਹ ਆਪਣੇ ਸਹੁਰੇ ਘਰ ਤੋਂ ਪਿੰਡ ਜਾਣ ਲਈ ਮਾਧੋਪੁਰ ਦੇ ਬੱਸ ਸਟੈਂਡ ’ਤੇ ਖੜ੍ਹਾ ਸੀ। ਇਸ ਦੌਰਾਨ ਉਸ ਦਾ ਸਾਲਾ ਜਗੀਰ ਸਿੰਘ ਚੱਕੀ ਤੋਂ ਆਟਾ ਲੈਣ ਲਈ ਆਪਣੇ ਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਮਾਧੋਪੁਰ ਦੇ ਗੇਟ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਨੂਰਪੁਰ ਬੇਦੀ ਪਾਸਿਓਂ ਆ ਰਹੀ ਜ਼ੈੱਨ ਕਾਰ ਦੇ ਚਾਲਕ ਨੇ ਉਸ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ। ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਜਗੀਰ ਸਿੰਘ ਨੂੰ ਜਦੋਂ ਇਲਾਜ ਲਈ ਰੂਪਨਗਰ ਦੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਚੌਕੀ ਹਰੀਪੁਰ ਦੇ ਇੰਚਾਰਜ ਏਐੱਸਆਈ ਲੇਖਾ ਸਿੰਘ ਨੇ ਦੱਸਿਆ ਕਿ ਜ਼ੈੱਨ ਕਾਰ ਦੇ ਨਾਮਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਇੱਥੇ ਕੱਲ੍ਹ ਸ਼ਾਮ ਹੋਏ ਸੜਕ ਹਾਦਸੇ ਵਿੱਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਰਾਮ ਸਿੰਘ ਨਿਵਾਸੀ ਵੀਟਾ ਕਲੋਨੀ ਧੂਲਕੋਟ ਨੇ ਬਲਦੇਵ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਕਿ ਕੱਲ੍ਹ ਸ਼ਾਮ ਉਹ ਤੇ ਉਸ ਦਾ ਸਾਥੀ ਸਰਵਨ ਵਾਸੀ ਅਲੀ ਨਗਰ ਜ਼ਿਲ੍ਹਾ ਬਹਿਰਾਈਚ (ਯੂਪੀ) ਹਾਲ ਕਿਰਾਏਦਾਰ ਬਲਦੇਵ ਨਗਰ ਨਾਹਨ ਹਾਊਸ ਵਿੱਚ ਆਪਣਾ ਕੰਮ ਖ਼ਤਮ ਕਰਕੇ ਆਪੋ-ਆਪਣੇ ਘਰ ਜਾ ਰਹੇ ਸਨ। ਸਰਵਨ ਜਦੋਂ ਬਲਦੇਵ ਨਗਰ ਜਾਣ ਕਈ ਆਟੋ ਫੜਨ ਲਈ ਅੰਬਾਲਾ-ਚੰਡੀਗੜ੍ਹ ਰੋਡ ਪਾਰ ਕਰਨ ਲੱਗਿਆ ਤਾਂ ਚੰਡੀਗੜ੍ਹ ਵੱਲੋਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਸਰਵਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਸੀ.ਆਈ.ਏ. ਸਟਾਫ ਸਰਹਿੰਦ ਦੇ ਨਜ਼ਦੀਕ ਬੀਤੀ ਰਾਤ ਹੋਏ ਸੜਕ ਹਾਦਸੇ ’ਚ ਅਣਪਛਾਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਰਾਤ ਬਾਰਾਂ ਵਜੇ ਦੇ ਕਰੀਬ ਇੱਕ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਸਰਹਿੰਦ ਵਾਲੇ ਪਾਸਿਓਂ ਗਲਤ ਦਿਸ਼ਾ ਤੋਂ ਆਈ ਕਾਰ ਨੇ ਉਸ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਹਾਦਸੇ ’ਚ ਗੰਭੀਰ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਮੌਤ ਹੋ ਗਈ। ਸਰਹਿੰਦ ਦੀ ਪੁਲੀਸ ਨੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਲਾਕ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਪਟਿਆਲਾ ਸੜਕ ’ਤੇ ਹੋਏ ਹਾਦਸੇ ਵਿੱਚ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਬਲਜੀਤ ਕੁਮਾਰ ਵਾਸੀ ਸੈਕਟਰ 22 ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ ਜਦਕਿ ਜ਼ਖ਼ਮੀ ਦੀ ਪਛਾਣ ਨਰੇਸ਼ ਦੱਤ ਵਾਸੀ ਬਲੌਂਗੀ ਮੁਹਾਲੀ ਦੇ ਰੂਪ ਵਿੱਚ ਹੋਈ ਹੈ।