ਆਤਿਸ਼ ਗੁਪਤਾ
ਚੰਡੀਗੜ੍ਹ, 8 ਮਈ
ਸਿਟੀ ਬਿਊਟੀਫੁੱਲ ਵਿੱਚ ਲਗਾਤਾਰ ਵੱਧ ਰਹੇ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਨੁਸਾਰ ਕਰੋਨਾ ਕਰਕੇ ਪਿਛਲੇ 8 ਦਿਨਾਂ ਵਿੱਚ ਭਾਵੇਂ 79 ਲੋਕਾਂ ਦੀ ਮੌਤ ਹੋਈ ਹੈ ਪਰ ਸ਼ਹਿਰ ਦੀਆਂ ਸ਼ਮਸ਼ਾਨਘਾਟਾਂ ਵਿੱਚ ਪਿਛਲੇ ਹਫ਼ਤੇਂ ਤੋਂ ਲਗਾਤਾਰ ਰੋਜ਼ਾਨਾ ਤਿੰਨ ਦਰਜਨ ਦੇ ਕਰੀਬ ਕਰੋਨਾ ਮਰੀਜ਼ਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ। ਜਦਕਿ ਅੰਗੀਠੇ ਦੀ ਰਸਮ ਦੂਜੇ ਦਿਨ ਹੀ ਕਰ ਦਿੱਤੀ ਜਾਂਦੀ ਹੈ। ਇਸ ਵਿੱਚ ਬਾਹਰੀ ਸੂਬਿਆਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਪਾਈ ਜਾ ਰਹੀ ਹੈ। ਜਿਸ ਨੂੰ ਮ੍ਰਿਤਕ ਰਿਹਾਇਸ਼ੀ ਖੇਤਰ ਦੇ ਮ੍ਰਿਤਕਾਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਹੈ। ਸ਼ਹਿਰ ਦੇ ਸੈਕਟਰ-25 ਵਿੱਚ ਸਥਿਤ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਲਈ 50 ਥਾਵਾਂ ਬਣਾਈ ਗਈ ਹੈ। ਜਿੱਥੇ ਰੋਜ਼ਾਨਾ ਰੋਜ਼ਾਨਾ 40-45 ਵਿਅਕਤੀਆਂ ਦਾ ਸਸਕਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ 25-30 ਕਰੋਨਾ ਮਰੀਜ਼ ਹਨ। ਜਦਕਿ ਬਾਕੀ 8-10 ਕਰੋਨਾ ਮਰੀਜ਼ਾਂ ਦਾ ਸਸਕਾਰ ਇੰਡਸਟਰੀਅਲ ਏਰੀਆ ਸ਼ਮਸ਼ਾਨਘਾਟ ਵਿੱਚ ਕੀਤਾ ਜਾਂਦਾ ਹੈ। ਉੱਥੇ ਵੀ ਸਸਕਾਰ ਲਈ 50 ਦੇ ਕਰੀਬ ਥਾਵਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਪੀਜੀਆਈ ਅਤੇ ਸੈਕਟਰ-32 ਹਸਪਤਾਲ ਵਿੱਚ ਕਰੋਨਾ ਮ੍ਰਿਤਕਾਂ ਦੀ ਦੇਖਰੇਖ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰ ਮੋਹਨ ਕੁਮਾਰ ਨੇ ਦੱਸਿਆ ਕਿ ਸੈਕਟਰ-32 ਹਸਪਤਾਲ ਅਤੇ ਪੀਜੀਆਈ ਤੋਂ ਰੋਜ਼ਾਨਾ 30-35 ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਸ ਵਿੱਚ ਵੱਡੀ ਗਿਣਤੀ ਬਾਹਰੀ ਸੂਬਿਆਂ ਨਾਲ ਸਬੰਧਿਤ ਲੋਕਾਂ ਦੀ ਹੈ। ਸੈਕਟਰ-25 ਸ਼ਮਸ਼ਾਨਘਾਟ ਦੇ ਸਾਰੇ ਪ੍ਰਬੰਧ ਦੇਖਣ ਵਾਲੇ ਪੰਡਿਤ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਦਾ ਸਸਕਾਰ ਕਰਵਾਉਣ ਸਮੇਂ ਨਿਯਮਾਂ ਦੀ ਪੂਰੀ ਦੇਖ-ਰੇਖ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਦੇ ਸਸਕਾਰ ਲਈ 4 ਕੁਇੰਟਲ ਲੱਕੜ ਲਗਦੀ ਹੈ। ਇਸ ਲਈ ਮੌਤਾਂ ਦੀ ਗਿਣਤੀ ਵਧਣ ਕਰਕੇ ਉਨ੍ਹਾਂ ਵੱਲੋਂ ਰੋਜ਼ਾਨਾ ਦੋ ਗੱਡੀਆਂ ਲੱਕੜ ਦੀ ਮੰਗਵਾਈ ਜਾ ਰਹੀ ਹੈ।
ਲੋਕ ਇਲੈਕਟ੍ਰਿਕ ਦੀ ਥਾਂ ਲੱਕੜੀ ਨਾਲ ਸਸਕਾਰ ਨੂੰ ਦੇ ਰਹੇ ਤਰਜੀਹ
ਸੈਕਟਰ-25 ਸ਼ਮਸ਼ਾਨਘਾਟ ਵਿੱਚ ਲੋਕ ਇਲੈਕਟ੍ਰਿਕ ਨਾਲੋਂ ਲੱਕੜ ਨਾਲ ਸਸਕਾਰ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਪੰਡਿਤ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਇਲੈਕਟ੍ਰਿਕ ਮਸ਼ੀਨ ਨਾਲ ਸਸਕਾਰ ਕਰਨ ਦਾ ਖਰਚਾ ਕੁਝ ਵੀ ਨਹੀਂ ਹੁੰਦਾ। ਜਦਕਿ ਲਕੜ ਨਾਲ ਸਸਕਾਰ ਕਰਨ 2500 ਤੋਂ 3000 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ।