
ਹਾਦਸੇ ਵਿੱਚ ਨੁਕਸਾਨੀ ਕਾਰ ਅਤੇ (ਇਨਸੈੱਟ) ਹਰਮਨ ਦੀ ਪੁਰਾਣੀ ਤਸਵੀਰ।
ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬਸੀ, 5 ਫਰਵਰੀ
ਪਟਿਆਲਾ ਰੋਡ ’ਤੇ ਹੋਏ ਇਕ ਸੜਕ ਹਾਦਸੇ ਵਿੱਚ ਪਿਓ ਪੁੱਤਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਮਾਤਮ ਛਾ ਗਿਆ ਹੈ। ਹਾਦਸਾ ਉਸ ਵੇਲੇ ਹੋਇਆ ਜਦ ਪਟਿਆਲਾ ਰੋਡ ’ਤੇ ਇਕ ਧਾਰਮਿਕ ਪ੍ਰੋਗਰਾਮ ਵਿੱਚ ਲੰਗਰ ਖਾਣ ਤੋਂ ਬਾਅਦ ਪਿਓ ਪੁੱਤਰ ਸੜਕ ਪਾਰ ਕਰ ਰਹੇ ਸੀ। ਪਿਓ ਨੇ ਆਪਣੇ ਸੱਤ ਸਾਲਾ ਦੇ ਲੜਕੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਜਿਸ ਦੌਰਾਨ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ 40 ਸਾਲਾ ਦੇਸ਼ ਰਾਜ ਅਤੇ ਉਸ ਦੇ ਸੱਤ ਸਾਲਾ ਦੇ ਲੜਕੇ ਆਵੇਸ਼ ਦੇ ਰੂਪ ਵਿੱਚ ਹੋਈ ਹੈ।
ਮ੍ਰਿਤਕ ਪਿਓ ਪੁੱਤਰ ਦੇ ਪਿੱਛੇ ਆ ਰਹੀ ਉਸਦੀ ਪਤਨੀ ਤੇਜਵਤੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਮਿਹਨਤ ਮਜਦੂਰੀ ਕਰਦਾ ਹੈ ਅਤੇ ਪਿੰਡ ਖਿਜਰਾਬਾਦ ਵਿਖੇ ਹਰਪਾਲ ਸਿੰਘ ਦੀ ਮੋਟਰ ’ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਅੱਜ ਦੋਵੇਂ ਪਤੀ ਪਤਨੀ ਆਪਣੇ ਸੱਤ ਸਾਲਾ ਦੇ ਲੜਕੇ ਨਾਲ ਪਟਿਆਲਾ ਰੋਡ ’ਤੇ ਲੱਗੇ ਲੰਗਰ ਖਾਣ ਲਈ ਆਏ ਸੀ। ਲੰਗਰ ਖਾਣ ਮਗਰੋਂ ਜਦ ਉਹ ਤਿੰਨੇ ਜਣੇ ਸੜਕ ਪਾਰ ਕਰ ਰਹੇ ਸੀ ਤਾਂ ਉਸ ਦੇ ਪਤੀ ਨੇ ਲੜਕੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਜਦਕਿ ਉਹ ਪਿੱਛੇ ਚਲ ਸੀ। ਇਸੇ ਦੌਰਾਨ ਪਟਿਆਲਾ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਇਕ ਹੋਂਡਾ ਸਿਟੀ ਕਾਰ ਦੇ ਚਾਲਕ ਨੇ ਅੱਗੇ ਜਾ ਰਹੇ ਉਸ ਦੇ ਪਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦਾ ਪਤੀ ਅਤੇ ਗੋਦੀ ਵਿੱਚ ਚੁੱਕਿਆ ਲੜਕਾ ਹਵਾ ਵਿੱਚ ਉੱਛਲ ਕੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਜਾਂਚ ਮਗਰੋਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਕਾਰ ਚਾਲਕ ਯੁਵਰਾਜ ਸਿੰਘ ਵਾਸੀ ਪਿੰਡ ਢਾਕੀ ਜ਼ਿਲ੍ਹਾ ਪਠਾਨਕੋਟ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਡੇਰਾਬੱਸੀ ਦੇ ਪਿੰਡ ਅਮਲਾਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮਨ ਸਿੰਘ ਵਜੋਂ ਹੋਈ ਹੈ ਜੋ ਪਿੰਡ ਚਡਿਆਲਾ ਦੇ ਪੰਚ ਨਰਿੰਦਰ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਲੰਘੀ ਰਾਤ ਇਕ ਵਿਆਹ ਸਮਾਗਮ ਤੋਂ ਘਰ ਪਰਤ ਰਿਹਾ ਸੀ। ਹਾਦਸੇ ਤੋਂ ਬਾਅਦ ਪਿੰਡ ਚਡਿਆਲਾ ਵਿਖੇ ਮਾਤਮ ਛਾ ਗਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐਸਆਈ ਅਸ਼ੋਕ ਕੁਮਾਰ ਕੁਮਾਰ ਨੇ ਦੱਸਿਆ ਕਿ ਹਰਮਨ ਆਪਣੀ ਸਵਿਫ਼ਟ ਗੱਡੀ ’ਤੇ ਸਵਾਰ ਹੋ ਕੇ ਪਿੰਡ ਭਾਂਖਰਪੁਰ ਵਿੱਚ ਇਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਆਇਆ ਸੀ। ਲੰਘੀ ਰਾਤ ਸਮਾਗਮ ਵਿੱਚੋਂ ਹਿੱਸਾ ਲੈ ਕੇ ਉਹ ਰਾਤ ਦੇ ਇਕ ਵਜੇ ਆਪਣੇ ਘਰ ਜਾ ਰਿਹਾ ਸੀ।
ਇਸ ਦੌਰਾਨ ਜਦ ਉਹ ਪਿੰਡ ਅਮਲਾਲਾ ਨੇੜੇ ਪਹੁੰਚਿਆ ਤਾਂ ਉਸ ਦੀ ਗੱਡੀ ਦੀ ਟੱਕਰ ਇਕ ਦਰਖ਼ਤ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਹਰਮਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਦੌਰਾਨ ਕਾਰ ਦੇ ਏਅਰਬੈੱਗ ਵੀ ਖੁੱਲ੍ਹ ਗਏ ਸੀ ਪਰ ਇ ਸਦੇ ਬਾਵਜੂਦ ਹਰਮਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ’ਚ ਕਾਰ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ ’ਤੇ ਚਾਲਕ ਹਰਮਨ ਵਿੱਚ ਹੀ ਫਸ ਗਿਆ।
ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਬੜੀ ਮੁਸ਼ਕਲ ਨਾਲ ਹਰਮਨ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਪਹੁੰਚਣ ’ਤੇ ਉਸ ਨੂੰ ਡਾਕਟਰਾਂ ਨੇ ਹਰਮਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਰਮਨ ਦੀ ਲਾਸ਼ ਸਿਵਲ ਹਸਪਤਾਲ ਵਿਖੇ ਰੱਖਵਾ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ