ਪੀ. ਪੀ. ਵਰਮਾ
ਪੰਚਕੂਲਾ, 7 ਜੁਲਾਈ
ਹਰਿਆਣਾ ਸੈਰ-ਸਪਾਟਾ ਨਿਗਮ ਅਤੇ ਬਾਗਬਾਨੀ ਵਿਭਾਗ ਦੇ ਸਾਂਝੇ ਉਪਰਾਲੇ ਤਹਿਤ 8, 9 ਅਤੇ 10 ਜੁਲਾਈ ਨੂੰ ਯਾਦਵਿੰਦਰਾ ਗਾਰਡਨ, ਪਿੰਜੌਰ ਵਿਖੇ ਤਿੰਨ ਰੋਜ਼ਾ 29ਵਾਂ ਅੰਬ ਮੇਲਾ ਲਗਾਇਆ ਜਾਵੇਗਾ। ਮੇਲੇ ਵਿੱਚ ਵੱਖ-ਵੱਖ ਕਿਸਮਾਂ ਦੇ ਅੰਬਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਜਾਣਕਾਰੀ ਹਰਿਆਣਾ ਸੈਰ ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਨੀਰਜ ਕੁਮਾਰ ਨੇ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ 8 ਜੁਲਾਈ, ਨੂੰ ਸ਼ਾਮ 6.00 ਵਜੇ ਮੇਲੇ ਦਾ ਉਦਘਾਟਨ ਸੈਰ-ਸਪਾਟਾ ਅਤੇ ਜੰਗਲਾਤ ਮੰਤਰੀ ਕੰਵਰ ਪਾਲ ਕਰਨਗੇ, ਜਦਕਿ 10 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਮੇਲਾ ਦੋ ਦਿਨ ਲਈ ਕਰਵਾਇਆ ਜਾਂਦਾ ਸੀ ਪਰ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਇਸ ਵਾਰ ਮੇਲਾ ਤਿੰਨ ਦਿਨਾਂ ਲਈ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅੰਬ ਮੇਲੇ ਵਿੱਚ ਇਜ਼ਰਾਈਲ ਅੰਬੈਸੀ ਵੀ ਸ਼ਿਰਕਤ ਕਰੇਗੀ ਅਤੇ ਮੇਲੇ ਵਿੱਚ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰੇਗੀ। ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਸਕੂਲੀ ਵਿਦਿਆਰਥੀਆਂ ਲਈ ਦਿਲਚਸਪ ਮੁਕਾਬਲੇ, ਜਾਦੂ ਦੇ ਸ਼ੋਅ, ਪਤੰਗ ਉਡਾਉਣ ਦੇ ਸ਼ੋਅ, ਦਿਲਚਸਪ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ 125 ਤੋਂ ਵੱਧ ਸਕੂਲ ਇਸ ਸਮਾਗਮ ਵਿੱਚ ਹਿੱਸਾ ਲੈਣਗੇ । ਪ੍ਰੋਗਰਾਮ ਦੀ ਸਮਾਪਤੀ ਸੂਫੀ ਗਾਈਕ ਕੰਵਰ ਗਰੇਵਾਲ ਦੁਆਰਾ ਲਾਈਵ ਪ੍ਰੋਗਰਾਮ ਹੋਵੇਗਾ।