ਪੱਤਰ ਪ੍ਰੇਰਕ
ਚੰਡੀਗੜ੍ਹ, 11 ਸਤੰਬਰ
ਕਰੋਨਾ ਵਾਇਰਸ ਕਾਰਨ ਚੰਡੀਗੜ੍ਹ ਵਿੱਚ ਅੱਜ ਤਿੰਨ ਮੌਤਾਂ ਹੋਈਆਂ ਹਨ ਅਤੇ 305 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਵਾਇਰਸ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ 7292 ਹੋ ਗਿਆ ਹੈ। ਵੇਰਵਿਆਂ ਅਨੁਸਾਰ ਸੈਕਟਰ-48 ਵਾਸੀ 68 ਸਾਲਾਂ ਦੇ ਬਜ਼ੁਰਗ ਵਿਅਕਤੀ ਅਤੇ ਸੈਕਟਰ 32 ਵਾਸੀ 83 ਸਾਲਾਂ ਦੀ ਬਿਰਧ ਔਰਤ ਦੀ ਮੌਤ ਹੋਈ ਹੈ। ਦੋਵੇਂ ਜਣੇ ਹਾਈਪਰਟੈਨਸ਼ਨ, ਡਾਇਬੀਟੀਜ਼ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਸਨ ਤੇ ਮੁਹਾਲੀ ਦੇ ਗ੍ਰੇਸ਼ੀਅਨ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਇਸੇ ਤਰ੍ਹਾਂ ਸੈਕਟਰ-50 ਵਾਸੀ 59 ਸਾਲਾਂ ਦੇ ਵਿਅਕਤੀ ਦੀ ਵੀ ਮੌਤ ਹੋਈ ਹੈ। ਊਹ ਸੈਕਟਰ-32 ਦੇ ਹਸਪਤਾਲ ਵਿੱਚ ਇਲਾਜ ਅਧੀਨ ਸੀ। ਯੂ.ਟੀ. ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਆਏ ਨਵੇਂ ਕੇਸ ਸੈਕਟਰ 3, 4, 6, 7, 8, 10, 11, 14, 15, 16, 17, 18, 19, 20, 21, 22, 23, 24, 25, 27, 28, 29, 30, 32, 33, 34, 35, 36, 37, 38, 38-ਵੈਸਟ, 39, 40, 41, 42, 44, 45, 46, 47, 48, 49, 50, 51, 52, 55, 56, 61, 63, ਪੀ.ਜੀ.ਆਈ. ਕੈਂਪਸ, ਬਾਪੂ ਧਾਮ ਕਾਲੋਨੀ, ਇੰਡਸਟਰੀਅਲ ਏਰੀਆ ਫੇਜ਼-1 ਤੇ 2, ਬਹਿਲਾਣਾ, ਬੁੜੈਲ, ਡੱਡੂਮਾਜਰਾ, ਧਨਾਸ, ਹੱਲੋਮਾਜਰਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਮਲੋਆ, ਮਨੀਮਾਜਰਾ, ਮੌਲੀ ਜੱਗਰਾਂ, ਸਾਰੰਗਪੁਰ, ਦੜੂਆ, ਕਿਸ਼ਨਗੜ੍ਹ ਨਾਲ ਸਬੰਧਤ ਹਨ। ਅੱਜ 269 ਮਰੀਜ਼ ਡਿਸਚਾਰਜ ਹੋਏ ਹਨ ਤੇ ਹੁਣ ਤੱਕ ਕੁੱਲ 83 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2606 ਹੈ।
ਰੂਪਨਗਰ ਜ਼ਿਲ੍ਹੇ ਵਿੱਚ ਪੰਜ ਮੌਤਾਂ
ਰੂਪਨਗਰ (ਬਹਾਦਰਜੀਤ ਸਿੰਘ): ਅੱਜ ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂ ਕਿ 31 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰੂਪਨਗਰ ਅਤੇ ਨੰਗਲ ਵਿੱਚ ਦੋ-ਦੋ ਅਤੇ ਕੀਰਤਪੁਰ ਸਾਹਿਬ ਇਲਾਕੇ ਦੇ ਬਰੂਵਾਲ ਦਾ ਵਸਨੀਕ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਵਿੱਚ ਰੂਪਨਗਰ ਇਲਾਕੇ ਦੇ 10, ਨੰਗਲ ਦੇ 9, ਭਰਤਗੜ੍ਹ ਇਲਾਕੇ ਦੇ ਤਿੰਨ, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ 8 ਅਤੇ ਮੋਰਿੰਡਾ ਦਾ ਇਕ ਵਿਅਕਤੀ ਸ਼ਾਮਲ ਹਨ।
ਕੋਵਿਡ ਮਰੀਜ਼ਾਂ ਬਾਰੇ ਕੌਂਸਲਰ ਦੇਣਗੇ ਸੂਚਨਾ
ਚੰਡੀਗੜ੍ਹ (ਖੇਤਰੀ ਪ੍ਰਤੀਨਿਧਪੱਤਰ ਪ੍ਰੇਰਕ): ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੌਂਸਲਰਾਂ ਨੂੰ ਮੋਬਾਈਲ ਨੰਬਰ ਅਤੇ ਲੈਂਡਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਕੌਂਸਲਰ ਆਪਣੇ ਖੇਤਰਾਂ ਵਿੱਚ ਕੋਵਿਡ ਦੇ ਗੰਭੀਰ ਮਰੀਜ਼ਾਂ ਬਾਰੇ ਮੋਬਾਈਲ ਨੰਬਰ 98157-04434 ਜਾਂ ਲੈਂਡਲਾਈਨ ਨੰਬਰ 0172-5000717 ਰਾਹੀਂ ਪ੍ਰਸ਼ਾਸਨ ਨੂੰ ਜਾਣਕਾਰੀ ਦੇਣਗੇ ਤਾਂ ਜੋ ਹਸਪਤਾਲਾਂ ਨਾਲ ਤਾਲਮੇਲ ਬਣਾ ਕੇ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਦਫ਼ਤਰ ਵਿੱਚ ਮੌਨੇਟਰਿੰਗ ਸੈੱਲ ਵੀ ਸਥਾਪਤ ਕੀਤਾ ਗਿਆ ਹੈ। ਇਹ ਸੈੱਲ ਕੌਂਸਲਰਾਂ ਵੱਲੋਂ ਗੰਭੀਰ ਮਰੀਜ਼ਾਂ ਸਬੰਧੀ ਫੋਨ ਕਾਲਾਂ ਉੱਤੇ ਦਿੱਤੀ ਗਈ ਜਾਣਕਾਰੀ ਨੂੰ ਡਾਇਰੈਕਟਰ ਪੀ.ਜੀ.ਆਈ., ਡਾਇਰੈਕਟਰ ਸਿਹਤ ਸੇਵਾਵਾਂ, ਜੀ.ਐਮ.ਐਸ.ਐਚ.-16 ਅਤੇ ਡਾਇਰੈਕਟਰ ਪ੍ਰਿੰਸੀਪਲ, ਜੀ.ਐਮ.ਸੀ.ਐਚ.-32, ਸਬ-ਡਵੀਜ਼ਨਲ ਮੈਜਿਸਟ੍ਰੇਟਾਂ ਤੱਕ ਪਹੁੰਚਾਏਗਾ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਮੁਹਾਲੀ ਵਿੱਚ ਬਿਰਧ ਔਰਤ ਦੀ ਮੌਤ; 204 ਨਵੇਂ ਮਾਮਲੇ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 204 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸਮੁੱਚੇ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 6060 ’ਤੇ ਪਹੁੰਚ ਗਈ ਹੈ। ਅੱਜ ਇਕ ਹੋਰ ਕਰੋਨਾ ਪੀੜਤ ਬਿਰਧ ਔਰਤ ਦੀ ਮੌਤ ਹੋਈ ਹੈ ਅਤੇ ਹੁਣ ਤੱਕ 126 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 271 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂ ਗਾਉਂ ਦੀ 66 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ। ਉਹ ਸੈਕਟਰ-16 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਦੱਸਿਆ ਕਿ ਅੱਜ 204 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 79 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 35, ਢਕੌਲੀ ਵਿੱਚ 36, ਬੂਥਗੜ੍ਹ ਬਲਾਕ ਵਿੱਚ 9, ਕੁਰਾਲੀ ਵਿੱਚ ਚਾਰ, ਲਾਲੜੂ ਵਿੱਚ 10 ਅਤੇ ਡੇਰਾਬੱਸੀ ਵਿੱਚ ਕਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ।