ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਅਕਤੂਬਰ
ਪੁਲੀਸ ਲੰਘੇ ਦਿਨੀਂ ਗੋਲਡਨ ਪਾਲਮ ਸੁਸਾਇਟੀ ਦੇ ਇਕ ਬੰਦ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਦੀ ਪਛਾਣ ਸੁਭਮ, ਬਿੰਦਰ ਤੇ ਰਿੰਕੂ ਵਾਸੀ ਢੇਹਾ ਬਸਤੀ ਮੀਰਪੁਰ ਵਜੋਂ ਹੋਈ ਹੈ। ਡੀਐੱਸਪੀ ਡੇਰਾਬੱਸੀ ਨੇ ਕਿਹਾ ਕਿ ਬੀਤੇ ਦਿਨੀਂ ਮੁਬਾਰਿਕਪੁਰ ਪੁਲੀਸ ਚੌਕੀ ਅਧੀਨ ਪੈਂਦੀ ਹੈਬਤਪੁਰ ਰੋਡ ’ਤੇ ਸਥਿਤ ਗੋਲਨਡ ਪਾਲਮ ਸਿਟੀ ਕਲੋਨੀ ਵਿੱਚ ਨੀਤੂ ਪਤਨੀ ਸੋਹਨ ਲਾਲ ਬਾਲੀ ਵਾਸੀ ਮਕਾਨ ਨੰਬਰ 56 ਦੇ ਤਾਲੇ ਤੋੜ ਕੇ ਅਣਪਛਾਤੇ ਚੋਰ ਲੱਖਾਂ ਰੁਪਏ ਗਹਿਣੇ ਚੋਰੀ ਕਰ ਲੈ ਗਏ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਬਾਰਿਕਪੁਰ ਰੇਲਵੇ ਅੰਡਰਬ੍ਰਿੱਜ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੈਦਲ ਆ ਰਹੇ ਸ਼ੁਭਮ ਅਤੇ ਬਿੰਦਰ ਨੇ ਪੁਲੀਸ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਮੁਲਜ਼ਮਾਂ ਕੋਲੋਂ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਹੋਏ। ਮੁਲਜ਼ਮਾਂ ਨੇ ਮੰਨਿਆ ਕਿ ਉਹ ਚੋਰੀ ਦੇ ਗਹਿਣੇ ਤ੍ਰਿਵੇਦੀ ਕੈਂਪ ਵਿੱਚ ਵੇਚਣ ਜਾ ਰਹੇ ਸੀ। ਪੁਲੀਸ ਨੇ ਮੁਲਜ਼ਮਾਂ ਤੋਂ ਇਕ ਮੰਗਲ ਸੂਤਰ, ਸੋਨੇ ਦੀ ਇੱਕ ਚੇਨੀ, ਦੋ ਜੋੜੇ ਸੋਨੇ ਦੇ ਟੌਪਸ, ਤਿੰਨ ਜੋੜੀਆ ਚਾਂਦੀ ਦੀਆਂ ਝਾਂਜਰਾਂ, ਦੋ ਜੋੜੀਆਂ ਚਾਂਦੀ ਦੀਆਂ ਚੁਟਕੀਆਂ, ਇੱਕ ਜੋੜਾ ਕੰਗਣ ਅਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਰੀ ਤਿੰਨ ਜਣਿਆਂ ਨੇ ਰਲ ਕੇ ਕੀਤੀ ਸੀ, ਜਿਨ੍ਹਾਂ ਵਿੱਚ ਉਨ੍ਹਾਂ ਦਾ ਇਕ ਹੋਰ ਸਾਥੀ ਰਿੰਕੂ ਵੀ ਸ਼ਾਮਲ ਹੈ। ਪੁਲੀਸ ਨੇ ਕਾਬੂ ਕੀਤੇ ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਤੀਜੇ ਸਾਥੀ ਰਿੰਕੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਚੋੋਰੀ ਦੇ ਸਾਮਾਨ ਸਣੇ ਮੁਲਜ਼ਮ ਕਾਬੂ
ਕੁਰਾਲੀ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਮੁਖੀ ਨੂੰ ਸਥਾਨਕ ਸਿਟੀ ਪੁਲੀਸ ਨੇ ਕਾਬੂ ਕਰਕੇ ਉਸ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਦੀ ਏਐੱਸਆਈ ਲਖਵੀਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਪਪਰਾਲੀ ਰੋਡ ’ਤੇ ਗਸ਼ਤ ਕਰ ਰਹੀ ਸੀ ਕਿ ਸ਼ਮਸ਼ਾਨ ਘਾਟ ਨੇੜੇ ਸ਼ੱਕੀ ਵਿਅਕਤੀ ਨੂੰ ਜਦੋਂ ਹਿਰਾਸਤ ਵਿੱਚ ਲਿਆ ਤਾਂ ਉਹ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਨਿਕਲਿਆ। ਐਸਐਚਓ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਕਾਲਾ ਨਿਵਾਸੀ ਬੰਗਾਲਾ ਬਸਤੀ ਕੁਰਾਲੀ ਵਜੋਂ ਹੋਈ ਹੈ।