ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜਨਵਰੀ
ਮਲੋਆ ਪੁਲੀਸ ਨੇ ਡੱਡੂਮਾਜਰਾ ’ਚ ਸਥਿਤ ਸ਼ਮਸ਼ਾਨਘਾਟ ਨੇੜੇ ਨੌਜਵਾਨ ’ਤੇ ਗੋਲੀਆਂ ਚਲਵਾਉਣ ਦੇ ਮਾਮਲੇ ’ਚ ਦੋ ਭੈਣਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ’ਚ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਹਰਸਿਮਰਤ ਕੌਰ, ਸਿਮਰਨ ਅਤੇ ਜਾਨੂੰ ਮਲਿਕ ਵਾਸੀ ਡੱਡੂਮਾਜਰਾ ਕਲੋਨੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨ ਡੱਡੂਮਾਜਰਾ ਵਿੱਚ ਰਹਿਣ ਵਾਲੇ 29 ਸਾਲਾਂ ਗੁਰਸੇਵਕ ਸਿੰਘ ’ਤੇ ਉਸੇ ਦੀਆਂ ਦੋ ਭੈਣਾਂ ਨੇ ਨੌਜਵਾਨ ਤੋਂ ਗੋਲੀਆਂ ਚਲਵਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਗੁਰਸੇਵਕ ਸਿੰਘ ਦੇ ਪੈਰ ’ਤੇ ਲੱਗੀ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਲੋਆ ਦੀ ਪੁਲੀਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵੇਂ ਭੈਣਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਲੰਘੇ ਦਿਨ ਪੀੜਤ ਗੁਰਸੇਵਕ ਸਿੰਘ ਦੀ ਭੈਣਾਂ ਸਹੁਰੇ ਘਰ ਰਹਿਣ ਦੀ ਥਾਂ ਪੇਕੇ ਘਰ ਰਹਿੰਦੀਆਂ ਸਨ। ਇਸ ਗੱਲ ਨੂੰ ਲੈ ਕੇ ਭਰਾ ਤੇ ਭੈਣਾਂ ਵਿੱਚ ਝਗੜਾ ਹੋ ਗਿਆ। ਇਸ ਤੋਂ ਬਾਅਦ ਭੈਣਾਂ ਨੇ ਕੁਝ ਨੌਜਵਾਨਾਂ ਨੂੰ ਬੁਲਾ ਕੇ ਆਪਣੇ ਹੀ ਭਰਾ ’ਤੇ ਹਮਲਾ ਕਰਵਾ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਗੁਰਸੇਵਕ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੈਰ ’ਤੇ ਲੱਗੀ ਹੈ। ਮਲੋਆ ਦੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।