ਹਰਜੀਤ ਸਿੰਘ
ਜ਼ੀਰਕਪੁਰ, 6 ਨਵੰਬਰ
ਪੁਲੀਸ ਨੇ ਲੰਘੇ ਦਿਨੀਂ ਚਾਕੂਆਂ ਨਾਲ ਹਮਲਾ ਕਰ ਕੈਂਟਰ ਚਾਲਕ ਨੂੰ ਲੁੱਟਣ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿ੍ਫ਼ਤਾਰ ਕੀਤਾ ਹੈ। ਮਾਮਲੇ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਜ਼ੀਰਕਪੁਰ ਗੋਦਾਮ ਖੇਤਰ ਵਿੱਚ ਚਾਵਲਾਂ ਦੇ ਥੈਲੇ ਲੈ ਕੇ ਆਏ ਕੈਂਟਰ ਚਾਲਕ ਰਾਜੇਸ਼ ਕੁਮਾਰ ਉਰਫ ਜੱਸੀ ਵਾਸੀ ਪਿੰਡ ਚਾਣਚੋਕ (ਥਾਣਾ ਗੂਹਲਾ ਚੀਕਾ) ਨੂੰ 28 ਅਕਤੂਬਰ ਨੂੰ ਤਿੰਨ ਹਮਲਾਵਰਾਂ ਨੇ ਬੰਦਕ ਬਣਾ ਕੇ ਚਾਕੂਆਂ ਨਾਲ 32 ਵਾਰ ਹਮਲਾ ਕਰ ਕੇ ਊਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਲੁੱਟ ਲਿਆ ਸੀ। ਕੈਂਟਰ ਚਾਲਕ ਵੱਲੋਂ ਰੌਲਾ ਪਾਉਣ ’ਤੇ ਨੇੜੇ ਸਥਿਤ ਹੋਟਲ ਦੇ ਸੁਰੱਖਿਆ ਗਾਰਡਾਂ ਵੱਲੋਂ ਉਸ ਨੂੰ ਬਚਾਇਆ ਗਿਆ ਸੀ ਤੇ ਹਮਲਾਵਾਰ ਨਕਦੀ ਸਮੇਤ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ ਸਨ।
ਪੁਲੀਸ ਨੇ ਇਸ ਮਾਮਲੇ ਵਿੱਚ ਅਰਜੁਨ ਕੁਮਾਰ ਮੂਲ ਵਾਸੀ ਬਿਹਾਰ, ਲਛਮਣ ਕੁਮਾਰ ਵਾਸੀ ਨੇਪਾਲ ਅਤੇ ਅਸੀਸ ਰਾਣਾ ਵਾਸੀ ਧੱਕਾ ਕਲੋਨੀ ਰਾਏਪੁਰ ਖੁਰਦ ਨੂੰ ਬਲਟਾਣਾ ਖੇਤਰ ਦੇ ਨੇਚਰ ਪਾਰਕ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਵਾਰਦਾਤ ਲਈ ਵਰਤੇ ਦੋ ਚਾਕੂ ਅਤੇ ਇਕ ਡੰਡਾ ਬਰਾਮਦ ਕਰ ਲਿਆ ਹੈ। ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਤ ਸਮੇਂ ਚੰਡੀਗੜ੍ਹ ਦੀ ਸ਼ਰਾਬ ਪੰਜਾਬ ਵਿੱਚ ਕਥਿਤ ਤੌਰ ’ਤੇ ਵੇਚਣ ਦਾ ਕੰਮ ਕਰਦੇ ਹਨ।