ਸਰਬਜੀਤ ਸਿੰਘ ਭੱਟੀ
ਲਾਲੜੂ, 17 ਜੂਨ
ਸਥਾਨਕ ਪੁਲੀਸ ਨੇ ਇਕ ਨਜ਼ਦੀਕੀ ਪਿੰਡ ਦੀ 13 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਸੱਤ ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ ਕਮਲ ਨਿਵਾਸੀ ਲਾਲੜੂ ਪਿੰਡ ਵਜੋਂ ਕੀਤੀ ਹੈ।
ਥਾਣਾ ਮੁਖੀ ਲਾਲੜੂ ਹਰਜਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਥੋਂ ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ 13 ਸਾਲਾ ਲੜਕੀ ਜੋ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ, ਦੇ ਢਿੱਡ ਵਿੱਚ ਅਚਾਨਕ ਦਰਦ ਦੀ ਸ਼ਿਕਾਇਤ ਹੋਈ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ, ਲਾਲੜੂ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਨਾਬਾਲਗ ਲੜਕੀ ਦੇ ਸੱਤ ਮਹੀਨੇ ਦੀ ਗਰਭਵਤੀ ਹੋਣ ਬਾਰੇ ਜਾਣਕਾਰੀ ਦਿੱਤੀ। ਜਦੋਂ ਪੀੜਤਾ ਦੀ ਮਾਂ ਨੇ ਨਾਬਾਲਗ ਲੜਕੀ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਇਕ ਨੌਜਵਾਨ ਵਲੋਂ ਵਿਆਹ ਦਾ ਝਾਂਸਾ ਦੇ ਕੇ ਉਸ ਨੇ ਜਬਰਜਨਾਹ ਕੀਤੇ ਜਾਣ ਦੀ ਗੱਲ ਕਹੀ। ਪੁਲੀਸ ਨੇ ਪੀੜਤਾ ਦੀ ਮਾਂ ਦੇ ਬਿਆਨ ’ਤੇ ਮੁਲਜ਼ਮ ਕਮਲ ਨਿਵਾਸੀ ਲਾਲੜੂ ਪਿੰਡ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਹੈ, ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।