ਆਤਿਸ਼ ਗੁਪਤਾ
ਚੰਡੀਗੜ੍ਹ, 8 ਮਾਰਚ
ਚੰਡੀਗੜ੍ਹ ਦੀ ਪੁਲੀਸ ਵੱਲੋਂ 24 ਘੰਟੇ ਸ਼ਹਿਰ ’ਚ ਸਖਤ ਸੁਰੱਖਿਆ ਵਿਵਸਥਾ ਦੇ ਦਾਅਵੇ ਕੀਤੇ ਜਾਂਦੇ ਹਨ ਇਸ ਦੇ ਬਾਵਜੂਦ ਚੋਰ ਬਿਨਾਂ ਕਿਸੇ ਡਰ ਭੈਅ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਵੱਲੋਂ ਲੋਕਾਂ ਦੇ ਮਹਿੰਗੇ ਸਾਈਕਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਰੋਜ਼ਾਨਾ ਇਕ ਤੋਂ ਦੋ ਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਹੁੰਦੇ ਹਨ। ਸ਼ਹਿਰ ਵਿੱਚੋਂ ਮਹਿੰਗੀ ਸਾਈਕਲਾਂ ਨੂੰ ਚੋਰੀ ਕਰਨ ਵਾਲਿਆਂ ਨੂੰ ਫੜਨ ਵਿੱਚ ਪੁਲੀਸ ਵੀ ਨਾਕਾਮ ਦਿਖਾਈ ਦੇ ਰਹੀ ਹੈ।
ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਦੋ ਸਾਈਕਲਾਂ ਚੋਰ ਹੋਏ ਹਨ। ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸੁਖਨਾ ਝੀਲ ’ਤੇ ਵਾਪਰੀ ਹੈ। ਜਿੱਥੇ ਸੈਕਟਰ-38 ਦੀ ਮੁਟਿਆਰ ਰੋਜ਼ਾਨਾ ਸਾਈਕਲ ਚਲਾਉਣ ਲਈ ਜਾਂਦੀ ਸੀ। ਉਸ ਦਾ ਸਾਈਕਲ ਸੁਖਨਾ ਝੀਲ ਤੋਂ ਚੋਰੀ ਹੋ ਗਿਆ। ਸਾਈਕਲ ਦੀ ਕੀਮਤ ਵੀ 25 ਹਜ਼ਾਰ ਰੁਪਏ ਦੇ ਕਰੀਬ 1ਹੈ। ਇਸ ਬਾਰੇ ਪੀੜਤਾਂ ਨੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਥਾਣਾ ਸੈਕਟਰ-3 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੀ ਘਟਨਾ ਮਨੀ ਮਾਜਰਾ ਦੀ ਮਾਰਕੀਟ ਵਿੱਚ ਵਾਪਰੀ ਹੈ। ਜਿੱਥੇ ਸੰਜੇ ਸ਼ਰਮਾ ਵਾਸੀ ਮਨੀ ਮਾਜਰਾ ਆਪਣੇ ਸਾਈਕਲ ’ਤੇ ਗਿਆ ਸੀ। ਮਾਰਕੀਟ ਵਿੱਚੋਂ ਉਸ ਦਾ ਸਾਈਕਲ ਚੋਰੀ ਹੋ ਗਿਆ ਜਿਸ ਦੀ ਕੀਮਤ 16 ਹਜ਼ਾਰ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਬਾਰੇ ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਮਨੀ ਮਾਜਰਾ ਦੀ ਪੁਲੀਸ ਨੇ ਉਕਤ ਮਾਮਲੇ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਹਰ ਰੋਜ਼ ਸੁਖਨਾ ਝੀਲ, ਰੋਜ਼ ਗਾਰਡਨ ਸਣੇ ਵੱਖ-ਵੱਖ ਪਾਰਕਾਂ ਦੇ ਮੂਹਰੇ ਤੋਂ ਵੱਡੀ ਗਿਣਤੀ ਵਿੱਚ ਸਾਈਕਲਾਂ ਚੋਰੀ ਹੁੰਦੀਆਂ ਹਨ, ਪਰ ਪੁਲੀਸ ਸਾਈਕਲ ਲੱਭਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ।