ਕੁਲਦੀਪ ਸਿੰਘ
ਚੰਡੀਗੜ੍ਹ, 7 ਅਕਤੂਬਰ
ਹਵਾ ਤੋਂ ਆਕਸੀਜਨ ਬਣਾਉਣ ਵਾਲਾ ਦੇਸ਼ ਦਾ ਪਹਿਲਾ ਪਲਾਂਟ ਗੌਰਮਿੰਟ ਮਲਟੀਸਪੈਸ਼ਲਿਟੀ ਹਸਪਤਾਲ ਸੈਕਟਰ-16 ਚੰਡੀਗੜ੍ਹ ਵਿੱਚ ਅੱਜ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਕੇਅਰ ਫੰਡ ਨਾਲ ਬਣਾਏ ਗਏ ਇਸ ਆਕਸੀਜਨ ਪਲਾਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਮੰਤਵ ਹਰੇਕ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਬਣਾਉਣ ਦਾ ਹੈ। ਕਰੋਨਾ ਮਹਾਮਾਰੀ ਤੋਂ ਬਚਾਅ ਬਾਰੇ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ ਉਨ੍ਹਾਂ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਭਾਰਤ ਨੇ ਜੋ ਸਰੋਤ ਵਿਕਸਤ ਕੀਤੇ ਹਨ, ਉਹ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੇ ਹਨ। ਇਸੇ ਦੌਰਾਨ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਇੱਕ ਹਜ਼ਾਰ ਲਿਟਰ ਪ੍ਰਤੀ ਮਿੰਟ ਦੀ ਸਮਰਥਾ ਵਾਲੇ ਆਕਸੀਜਨ ਪਲਾਂਟ ਅਤੇ ਸੈਕਟਰ-48 ਸਥਿਤ ਹਸਪਤਾਲ ਵਿੱਚ ਲਗਾਏ ਗਏ 100 ਲਿਟਰ ਪ੍ਰਤੀ ਮਿੰਟ ਦੀ ਸਮਰਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਅੱਜ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਜੇਕਰ ਕਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਆ ਵੀ ਜਾਂਦੀ ਹੈ ਤਾਂ ਚੰਡੀਗੜ੍ਹ ਵਿੱਚ ਆਕਸੀਜਨ ਦੀ ਕਮੀ ਨਹੀਂ ਹੋਵੇਗੀ।
ਪੀਜੀਆਈ ਵਿੱਚ ਆਕਸੀਜਨ ਪਲਾਂਟ ਦਾ ਉਦਘਾਟਨ
ਪੀ.ਜੀ.ਆਈ. ਚੰਡੀਗੜ੍ਹ ਦੇ ਨਹਿਰੂ ਹਸਪਤਾਲ ਐਕਸਟੈਨਸ਼ਨ ਵਿੱਚ ਸਥਾਪਿਤ ਕੀਤੇ ਗਏ ਇੱਕ ਹਜ਼ਾਰ ਲਿਟਰ ਪ੍ਰਤੀ ਮਿੰਟ ਆਕਸੀਜਨ ਬਣਾਉਣ ਵਾਲੇ ਪੀਐੱਸਏ ਮੈਡੀਕਲ ਆਕਸੀਜਨ ਪਲਾਂਟ ਦਾ ਉਦਘਾਟਨ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ, ਯੂਟੀ ਦੇ ਸਿਹਤ ਸਕੱਤਰ ਯਸ਼ਪਲ ਗਰਗ, ਡੀਜੀਪੀ ਚੰਡੀਗੜ੍ਹ ਪਰਵੀਰ ਰਾਜਨ ਸਮੇਤ ਹੋਰ ਕਈ ਅਧਿਕਾਰੀ ਮੌਜੂਦ ਸਨ। ਸੰਸਦ ਮੈਂਬਰ ਕਿਰਨ ਖੇਰ ਇਸ ਸਮਾਗਮ ਵਿੱਚ ਵਰਚੁਅਲ ਢੰਗ ਰਾਹੀਂ ਸ਼ਾਮਲ ਹੋਈ। ਇਸ ਤੋਂ ਪਹਿਲਾਂ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਪੀਜੀਆਈ ਵਿੱਚ ਸਥਾਪਿਤ ਕੀਤੇ ਗਏ ਇਸ ਪਲਾਂਟ ਦੇ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਡੀਨ ਰਿਸਰਚ ਪ੍ਰੋ. ਏ.ਕੇ. ਗੁਪਤਾ ਨੇ ਪ੍ਰਸ਼ਾਸਕ ਸਮੇਤ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਪੀ.ਜੀ.ਆਈ. ਭਾਰਤ ਦੀਆਂ ਚੋਟੀ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚੋਂ ਇੱਕ ਹੈ ਜਿਸ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਮਿਸਾਲੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੇ ਦੇਸ਼ ਵਾਸੀਆਂ ਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਇਸ ਲਈ ਅਸੀ ਮਹਾਮਾਰੀ ਨਾਲ ਨਜਿੱਠਣ ਲਈ ਆਕਸੀਜਨ ਦੀ ਸਪਲਾਈ, ਹਸਪਤਾਲ ਦੇ ਬੈੱਡ ਅਤੇ ਦਵਾਈਆਂ ਤੱਕ ਹਰ ਚੀਜ਼ ਨਾਲ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੁੰਦੇ ਹਾਂ ਅਤੇ ਐਮਰਜੈਂਸੀ ਵਿੱਚ ਨਾਜ਼ੁਕ ਦੇਖਭਾਲ ਵਾਲੇ ਡਾਕਟਰੀ ਸਾਜ਼ੋ-ਸਾਮਾਨ ਖਰੀਦਣ ਲਈ ਹਰ ਹਸਪਤਾਲ ਨੂੰ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾਣ ਨਾਲ ਚੰਡੀਗੜ੍ਹ ਸ਼ਹਿਰ ਆਕਸੀਜਨ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੋ ਗਿਆ ਹੈ।