ਪੱਤਰ ਪ੍ਰੇਰਕ
ਖਰੜ, 31 ਅਕਤੂਬਰ
ਜੈਨ ਮਹਾਸਾਧਵੀ ਸ੍ਰੀ ਮਥਰਾ ਦੇਵੀ ਮਹਾਰਾਜ ਦੀ ਬਰਸੀ ਸਮਾਗਮ ਮੌਕੇ ਐੱਸਐੱਸ ਜੈਨ ਖਰੜ ਵੱਲੋਂ ਪਰਸ਼ੂਰਾਮ ਭਵਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਜੈਨ ਮੁਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਤਿਆਗ, ਸੱਤ ਅਤੇ ਅਹਿੰਸਾ ਦੀ ਮੂਰਤੀ ਹਨ ਅਤੇ ਅਜਿਹੇ ਗੁਰੂਆਂ ਦੀਆਂ ਸਿਖਿਆਵਾਂ ’ਤੇ ਚੱਲ ਕੇ ਭਾਰਤ ਫਿਰ ਵਿਸ਼ਵ-ਗੁਰੂ ਬਣ ਜਾਵੇਗਾ। ਅਨਮੋਲ ਗਗਨ ਮਾਨ ਨੇ ਖਰੜ ਦੇ ਵਿਕਾਸ ਦੇ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ ਖਰੜ ਅਤੇ ਕੁਰਾਲੀ ਖੇਤਰ ਵਿੱਚ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦਾ ਜੋ ਪ੍ਰਾਜੈਕਟ ਲੰਮੇ ਸਮੇਂ ਤੋਂ ਲਟਕਿਆ ਪਿਆ ਸੀ, ਉਹ ਹੁਣ ਕਰੀਬ 147 ਕਰੋੜ ਰੁਪਏ ਦੀ ਲਾਗਤ ਨਾਲ ਪਾਸ ਕਰਵਾ ਦਿੱਤਾ ਹੈ। ਖਰੜ ਵਿਚ ਸੀਵਰੇਜ ਦੇ ਪ੍ਰਾਜੈਕਟ ਦਾ ਕੰਮ ਆਉਣ ਵਾਲੇ ਦਿਨਾਂ ਵਿਚ ਜਲਦ ਸ਼ੁਰੂ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਖਰੜ ਦੇ ਵਿਕਾਸ ਕਾਰਜਾਂ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਪੰਕਜ ਜੈਨ, ਸੀਨੀਅਰ ਵਕੀਲ ਅੰਮ੍ਰਿਤ ਲਾਲ ਜੈਨ, ਸੀਨੀਅਰ ਆਈਏਐੱਸ ਅਫਸਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਆਈਏਐੱਸ ਹਿਮਾਂਸ਼ੂ ਜੈਨ ਤੇ ਜੈਨ ਸਭਾ ਦੇ ਪ੍ਰਧਾਨ ਪ੍ਰਵੇਸ਼ ਜੈਨ ਹਾਜ਼ਰ ਸਨ।