ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਜੂਨ
ਇਲਾਕੇ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਹਿ ਬੁਰਜ) ਦੇ ਸੁੰਦਰੀਕਰਨ ਅਤੇ ਸੁਧਾਰ ਪ੍ਰਾਜੈਕਟ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ ਸਮੇਤ ਜ਼ਿਲ੍ਹਾ ਪੁਲੀਸ, ਗਮਾਡਾ, ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਮੌਜੂਦ ਸਨ।
ਡੀਸੀ ਨੇ ਦੱਸਿਆ ਕਿ ਫਤਹਿ ਬੁਰਜ 328 ਫੁੱਟ ਉੱਚੀ ਇਮਾਰਤ ਹੈ। ਉਨ੍ਹਾਂ ਇਸ ਯਾਦਗਾਰ ਦੀ ਦੇਖਰੇਖ ਕਰ ਰਹੀ ਪ੍ਰਾਈਵੇਟ ਕੰਪਨੀ ਮੈਸਰਜ਼ ਫਤਿਹ ਹੈਰੀਟੇਜ ਪ੍ਰਾਈਵੇਟ ਲਿਮਟਿਡ ਨੂੰ ਭਰੋਸਾ ਦਿੱਤਾ ਕਿ ਇਸ ਯਾਦਗਾਰ ਦੇ ਆਲੇ-ਦੁਆਲੇ ਸਾਈਨ ਬੋਰਡ, ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਗਮਾਡਾ ਰਾਹੀਂ ਜਲਦ ਮੁਕੰਮਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਵੱਲੋਂ ਯਾਦਗਾਰ ਤੱਕ ਪਹੁੰਚਣ ਵਾਲੀਆਂ ਲਿੰਕ ਸੜਕਾਂ ’ਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਪੈਟਰੋਲਿੰਗ ਕੀਤੀ ਜਾਵੇਗੀ। ਉਨ੍ਹਾਂ ਡੀਡੀਪੀਓ ਨੂੰ ਯਾਦਗਾਰ ਨੇੜੇ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਡੀਡੀਪੀਓ ਤੇ ਸਿੱਖਿਆ ਵਿਭਾਗ ਨੂੰ ਫਤਹਿ ਬੁਰਜ ਦੇ ਟੂਰ ਪ੍ਰੋਗਰਾਮ ਉਲੀਕਣ ਦੇ ਆਦੇਸ਼ ਦਿੱਤੇ ਤੇ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਫਤਹਿ ਬੁਰਜ ਦਾ ਦੌਰਾ ਕਰਨ ਦੀ ਅਪੀਲ ਕੀਤੀ।
ਲਿਫ਼ਟ ਦੀ ਸਹੂਲਤ ਮੰਗੀ
ਪਿੰਡ ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹੁਣ ਤੱਕ ਫਤਹਿ ਬੁਰਜ ਨੂੰ ਲਿਫ਼ਟ ਨਹੀਂ ਜੁੜੀ। ਇੱਥੇ ਇਨਡੋਰ ਥੀਏਟਰ ਅਤੇ ਓਪਨ ਏਅਰ ਥੀਏਟਰ ਤਾਂ ਹੈ ਪਰ ਹੁਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੇ ਜੀਵਨ ਬਾਰੇ ਡਾਕੂਮੈਂਟਰੀ ਫ਼ਿਲਮ ਨਹੀਂ ਬਣਾਈ ਗਈ। ਉਨ੍ਹਾਂ ਮੰਗ ਕੀਤੀ ਕਿ ਫਤਹਿ ਬੁਰਜ ’ਤੇ ਜਾਣ ਲਈ ਲਿਫ਼ਟ ਦੀ ਵਿਵਸਥਾ ਕੀਤੀ ਜਾਵੇ ਅਤੇ ਦਸਤਾਵੇਜ਼ੀ ਫ਼ਿਲਮ ਬਣਾਈ ਜਾਵੇ ਤਾਂ ਜੋ ਨੌਜਵਾਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ।