ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਨਵੰਬਰ
ਇੱਥੋਂ ਦੇ ਸੈਕਟਰ-117 (ਟੀਡੀਆਈ ਸਿਟੀ) ਦੀਆਂ ਚਾਰ ਦੁਕਾਨਾਂ ਵਿੱਚ ਚੋਰਾਂ ਨੇ ਬੀਤੀ ਰਾਤ ਸ਼ਟਰ ਤੋੜ ਕੇ ਗੱਲਿਆਂ ’ਚੋਂ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਟੀਡੀਆਈ ਸਿਟੀ ਸਥਿਤ ਮੈਡੀ ਮਾਰਟ ਫਾਰਮੇਸੀ, ਕਿਫ਼ਾਇਤੀ ਸਟੋਰ, ਸੁਪਰ 24 ਕਰਿਆਨਾ ਸਟੋਰ ਅਤੇ ਡੀਲ ਜ਼ੋਨ ਦੁਕਾਨਾਂ ਦੇ ਮਾਲਕਾਂ ਸ਼ੈਰੀ, ਸਾਹਿਲ ਤੇ ਮੋਹਿਤ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਦੋਧੀ ਨੇ ਫੋਨ ’ਤੇ ਇਤਲਾਹ ਦਿੱਤੀ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੁਕਾਨਾਂ ਦੇ ਸ਼ਟਰ ਟੁੱਟੇ ਪਏ ਸਨ। ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਦੇ ਗੱਲਿਆਂ ਵਿੱਚ ਕਰੀਬ 40 ਤੋਂ 50-50 ਹਜ਼ਾਰ ਰੁਪਏ ਨਗਦ ਸਨ। ਚੋਰਾਂ ਨੇ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਮੂੰਹ ਵੀ ਦੂਜੇ ਪਾਸੇ ਘੁੰਮਾ ਦਿੱਤਾ ਸੀ ਅਤੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਟੀਡੀਆਈ ਪ੍ਰਬੰਧਕਾਂ ਵੱਲੋਂ ਇਲਾਕੇ ਵਿੱਚ ਸਕਿਉਰਿਟੀ ਗਾਰਡ ਤਾਂ ਰੱਖਿਆ ਹੋਇਆ ਹੈ ਪਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ।
ਬਲੌਂਗੀ ਥਾਣਾ ਦੇ ਐੱਸਐੱਚਓ ਰਾਜਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਚੋਰੀ ਦੀ ਸੂਚਨਾ ਮਿਲਣ ’ਤੇ ਉਹ ਖ਼ੁਦ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਵੱਲੋਂ ਟੀਡੀਆਈ ਦੇ ਸਕਿਉਰਿਟੀ ਗਾਰਡ ਕੋਲੋਂ ਪੁੱਛਗਿੱਛ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੀਡੀਆਈ ਸੈਕਟਰ 117 ਦੀ ਗੋਬਿੰਦ ਐਨਕਲੇਵ ਵਿੱਚ ਹੋਈ ਚੋਰੀ ਸਬੰਧੀ ਵੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।