ਪੱਤਰ ਪ੍ਰੇਰਕ
ਖਰੜ, 5 ਮਈ
ਬੀਤੀ ਰਾਤ ਚੋਰਾਂ ਵੱਲੋਂ ਖਰੜ-ਮੋਰਿੰਡਾ ਮੁੱਖ ਸੜਕ ਉਤੇ ਪਿੰਡ ਘੜੂੰਆਂ ਵਿੱਚ ਸਥਿਤ ਦੀ ਐੱਸਏਐੱਸ ਨਗਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ਵਿਚੋਂ 18 ਲੱਖ ਰੁਪਏ ਦੇ ਕਰੀਬ ਚੋਰੀ ਕਰ ਲਏ ਗਏ। ਇਸ ਸਬੰਧ ਵਿੱਚ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ ਸਮੇਂ ਪਹਿਲਾਂ ਬਾਹਰ ਸ਼ਟਰ ਦੇ ਕੁੰਡੇ ਤੋੜੇ ਅਤੇ ਸਟਰਾਂਗ ਰੂਮ ਦੀ ਕੰਧ ਵਿੱਚ ਪਾੜ ਲਗਾਇਆ ਅਤੇ ਗਰੀਲਾਂ ਕੱਟ ਦਿੱਤੀਆਂ। ਫਿਰ ਉਨ੍ਹਾਂ ਗੈਸ ਕਟਰ ਨਾਲ ਤਿਜੋਰੀ ਨੂੰ ਕੱਟਿਆ ਅਤੇ ਉਸ ਵਿਚ ਪਈ ਹੋਈ ਸਾਰੀ ਰਕਮ ਆਪਣੇ ਨਾਲ ਲੈ ਗਏ। ਮੌਕੇ ’ਤੇ ਮੌਜੂਦ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਉਸ ਨੂੰ ਇਸ ਸਬੰਧੀ ਜਾਣਕਾਰੀ ਸਵੇਰੇ ਸਾਢੇ 6 ਵਜੇ ਦੇ ਕਰੀਬ ਲੱਗੀ ਅਤੇ ੳਸਨੇ ਤੁਰੰਤ ਘੜੂੰਆਂ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੂੰ ਨਾਲ ਲੈ ਕੇ ਉਹ ਮੌਕੇ ’ਤੇ ਪਹੁੰਚਿਆ। ਫਿਰ ਇਸ ਉਪਰੰਤ ਹੀ ਉਹ ਬੈਂਕ ਵਿੱਚ ਦਾਖਲ ਹੋਏ। ਹਾਂਲਾਕਿ ਬੈਂਕ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਚੋਰ ਜਾਂਦੇ ਹੋਏ ਡੀਵੀਆਰ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਬੈਂਕ ਵਿੱਚੋਂ 18 ਲੱਖ ਰੁਪਏ ਦੇ ਕਰੀਬ ਰਕਮ ਚੋਰੀ ਹੋਈ ਹੈ। ਇਸੇ ਦੌਰਾਨ ਘੜੂੰਆਂ ਪੁਲੀਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸੜਕ ਦੇ ਨੇੜੇ ਹੋਰ ਥਾਂ ’ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਰਾਹੀਂ ਚੋਰਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਕਾਰਡ ਬਦਲ ਕੇ 95 ਹਜ਼ਾਰ ਦੀ ਠੱਗੀ ਮਾਰੀ
ਲਾਲੜੂ (ਪੱਤਰ ਪ੍ਰੇਰਕ) ਇਥੇ ਪੁਲੀਸ ਨੇ ਧੋਖੇ ਨਾਲ ਏ.ਟੀ.ਐੱਮ ਕਾਰਡ ਬਦਲ ਕੇ 95 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਬਲਬੀਰ ਸਿੰਘ ਵਾਸੀ ਮੀਆਂਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਖਾਤਾ ਐਸ.ਬੀ.ਆਈ ਬੈਂਕ ਵਿੱਚ ਹੈ। ਜਦੋਂ ਉਹ ਲਾਲੜੂ ਸੇਵਾ ਕੇਂਦਰ ਨੇੜੇ ਸਥਿਤ ਐਸ.ਬੀ.ਆਈ ਬੈਂਕ ਦੀ ਏ.ਟੀ.ਐਮ ਵਿੱਚੋਂ 10 ਹਜ਼ਾਰ ਰੁਪਏ ਕੱਢ ਕੇ ਗਿਣ ਰਿਹਾ ਸੀ ਤਾਂ ਇਸੇ ਦੌਰਾਨ ਉਸ ਦੇ ਪਿੱਛੇ ਖੜ੍ਹੇ ਇਕ ਮੋਨੇ ਵਿਅਕਤੀ ਨੇ ਕਿਹਾ ਕਿ ਉਸਦਾ ਕਾਰਡ ਕੰਮ ਨਹੀ ਕਰ ਰਿਹਾ ਤੇ ਤੁਸੀਂ ਮੇਰੇ ਪੈਸੇ ਵੀ ਕਢਵਾ ਦਿਓ। ਜਦੋਂ ਉਸ ਨੇ ਉਸ ਦਾ ਕਾਰਡ ਮਸ਼ੀਨ ਵਿੱਚ ਪਾਇਆ ਤਾਂ ਉਹ ਕੰਮ ਨਹੀਂ ਕਰ ਰਿਹਾ ਸੀ। ਇਸੇ ਦੌਰਾਨ ਇਸ ਵਿਅਕਤੀ ਨੇ ਧੋਖੇ ਨਾਲ ਉਸਦਾ ਦਾ ਕਾਰਡ ਬਦਲ ਲਿਆ, ਜਿਸ ਨੇ ਹੁਣ ਤੱਕ ਉਸ ਦੇ ਏ.ਟੀ.ਐਮ ਰਾਹੀਂ 95 ਹਜ਼ਾਰ ਰੁਪਏ ਕਢਵਾ ਲਏ ਹਨ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।