ਹਰਜੀਤ ਸਿੰਘ
ਜ਼ੀਰਕਪੁਰ, 3 ਨਵੰਬਰ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਰਾਇਲ ਐਸਟੇਟ ਸੁਸਾਇਟੀ ਵਿਖੇ ਲੰਘੇ ਦਿਨੀਂ ਚੋਰ ਇਕ ਬੰਦ ਫਲੈਟ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਏ। ਪੁਲੀਸ ਨੇ ਫਲੈਟ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਚੋਰੀ ਦੀ ਘਟਨਾ ਨੇ ਪੁਲੀਸ ਦੇ ਤਿਉਹਾਰਾਂ ਦੇ ਚਲਦਿਆਂ ਜ਼ੀਰਕਪੁਰ ਵਿੱਚ ਪੁਲੀਸ ਚੌਕਸੀ ਵਧਾਉਣ ਦੇ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੀਰਜ ਸਾਹਨੀ ਵਾਸੀ ਰਾਇਲ ਐਸਟੇਟ ਨੇ ਦੱਸਿਆ ਕਿ ਉਹ ਲੰਘੀ 27 ਅਕਤੂਬਰ ਨੂੰ ਆਪਣੇ ਪਰਿਵਾਰ ਨਾਲ ਫਲੈਟ ਨੂੰ ਤਾਲਾ ਲਾ ਕੇ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਵਿਖੇ ਇਕ ਭੋਗ ਵਿੱਚ ਸ਼ਾਮਲ ਹੋਣ ਲਈ ਗਿਆ ਸੀ। 31 ਅਕਤੂਬਰ ਨੂੰ ਉਸਦੇ ਗੁਆਂਢੀ ਨੇ ਫੋਨ ’ਤੇ ਉਸ ਨੂੰ ਫਲੈਟ ਵਿੱਚ ਚੋਰੀ ਹੋਣ ਦੀ ਸੂਚਨਾ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਫਲੈਟ ਦੇ ਤਾਲੇ ਟੁੱਟੇ ਹੋਏ ਹਨ ਤੇ ਸਾਰੇ ਦਰਵਾਜੇ ਖੁੱਲ੍ਹੇ ਪਏ ਸਨ। ਚੋਰ ਅੰਦਰ ਕਮਰੇ ’ਚ ਬਣੀ ਅਲਮਾਰੀ ਦੇ ਤਾਲੇ ਤੋੜ ਕੇ ਅੰਦਰ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵੱਲੋਂ ਚੋਰੀ ਹੋਏ ਨੁਕਸਾਨ ਦਾ ਅੰਦਾਜਾ ਲਾਇਆ ਜਾ ਰਿਹਾ ਹੈ ਜਿਸ ਮਗਰੋਂ ਉਹ ਚੋਰੀ ਵਿੱਚ ਹੋਏ ਨੁਕਸਾਨ ਬਾਰੇ ਸਹੀ ਜਾਣਕਾਰੀ ਦੇ ਸਕੇਗਾ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਮਿਲਣ ਮਗਰੋਂ ਕੇਸ ਦਰਜ ਕਰਕੇ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਫੁੱਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ।