ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੂਨ
ਇੱਥੋਂ ਦੇ ਮੌਲੀ ਜੱਗਰਾਂ ਵਿੱਚ ਸਥਿਤ ਕਲੱਬ ਦੇ ਬਾਹਰ ਅੱਧਾ ਦਰਜਨ ਨੌਜਵਾਨਾਂ ਨੇ ਅੱਠ ਗੱਡੀਆਂ ਭੰਨ੍ਹ ਦਿੱਤੀਆਂ ਅਤੇ ਤਿੰਨ ਹਵਾਈ ਫਾਇਰ ਕਰ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਕੰਡਿਆ ਵਾਲੀ ਤਾਰ ਵਿੱਚ ਲਪੇਟਿਆ ਹੋਇਆ ਡੰਡਾ ਬਰਾਮਦ ਕਰ ਕੇ ਸੀਸੀਟੀਵੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਕਲੱਬ ਵਿੱਚ ਦਾਖਲਾ ਨਾ ਮਿਲਣ ’ਤੇ ਕਲੱਬ ਦੇ ਸੁਰੱਖਿਆ ਗਾਰਡ ਨਾਲ ਬਹਿਸ ਹੋਣ ਤੋਂ ਬਾਅਦ ਅੱਧਾ ਦਰਜਨ ਨੌਜਵਾਨਾਂ ਨੇ ਕਲੱਬ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਭੰਨ੍ਹ-ਤੋੜ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਕਲੱਬ ਤੋਂ ਬਾਹਰ ਨਿਕਲ ਰਹੇ ਇਕ ਨੌਜਵਾਨ ਨਾਲ ਵੀ ਸ਼ਰਾਰਤੀ ਅਨਸਰਾਂ ਦੀ ਤਕਰਾਰ ਹੋਈ ਅਤੇ ਉਸ ਤੋਂ ਬਾਅਦ ਉਹ ਨੌਜਵਾਨ ਫ਼ਰਾਰ ਹੋ ਗਏ। ਘਟਨਾ ਤੋਂ ਕੁਝ ਸਮੇਂ ਬਾਅਦ ਥਾਣਾ ਮੌਲੀ ਜੱਗਰਾਂ ਦੇ ਏਐੱਸਆਈ ਕੁਲਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਕਲੱਬ ਵਿੱਚ ਹਾਜ਼ਰ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਭੰਨ੍ਹਤੋੜ ਕਰਨ ਵਾਲਿਆਂ ਕੋਲ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੌਜਵਾਨਾਂ ਨੇ ਗੱਡੀਆਂ ਦੀ ਭੰਨ੍ਹਤੋੜ ਕੀਤੀ। ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਕਲੱਬ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਕਲੱਬ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਇਸ ਦੇ ਨਾਲ ਹੀ ਕੱਲਬ ਦੇ ਸੁਰੱਖਿਆ ਗਾਰਡਾਂ ਅਤੇ ਘਟਨਾ ਵੇਲੇ ਹਾਜ਼ਰ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਦੇਰ ਰਾਤ ਤੱਕ ਕਲੱਬ ਖੋਲ੍ਹਣ ਦੇ ਦੋਸ਼ ਹੇਠ ਕੇਸ ਦਰਜ
ਚੰਡੀਗੜ੍ਹ ਪੁਲੀਸ ਨੇ ਇਕ ਵੱਖਰੇ ਮਾਮਲੇ ਵਿੱਚ ਦੇਰ ਰਾਤ ਤੱਕ ਕਲੱਬ ਖੋਲ੍ਹਣ ਸਬੰਧੀ ਇੰਡਸਟਰੀਅਲ ਏਰੀਆ, ਫੇਜ਼-1 ਵਿੱਚ ਸਥਿਤ ਤਮਜ਼ਾਰਾ ਕਲੱਬ ਦੇ ਮੈਨੇਜਰ ਰਤਨ ਚੰਦ ਅਤੇ ਮਾਲਕ ਅਨਿਲ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਲੱਬ ਵਿੱਚ ਛਾਪਾ ਮਾਰਿਆ ਤਾਂ ਕਲੱਬ ਦੇਰ ਰਾਤ ਤੱਕ ਖੁੱਲ੍ਹਾ ਸੀ। ਪੁਲੀਸ ਨੇ ਕਲੱਬ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।