ਸਮੱਸਿਆ ਦਾ ਹੱਲ ਹੋਣ ਤੱਕ ਭੁੱਖ ਹੜਤਾਲ ’ਤੇ ਬੈਠਣ ਦੀ ਚਿਤਾਵਨੀ
ਹਰਜੀਤ ਸਿੰਘ
ਜ਼ੀਰਕਪੁਰ, 16 ਸਤੰਬਰ
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਲਾਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਬਲਟਾਣਾ ਕੇ ਏਰੀਆ ਦੀਆਂ ਲਾਈਟਾਂ ਨੇੜੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਾਰਟੀ ਦੇ ਆਗੂ ਨਵਜੋਤ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ਼ ਦੋ ਹੀ ਮੰਗਾਂ ਹਨ ਜਿਨ੍ਹਾਂ ਵਿੱਚ ਜਾਂ ਤਾਂ ਸਰਕਾਰ ਸੜਕਾਂ ’ਤੇ ਲਾਵਾਰਿਸ ਘੁੰਮ ਰਹੇ ਪਸ਼ੂਆਂ ਦੀ ਸਾਂਭ ਸੰਭਾਲ ਕਰੇ ਜਾਂ ਗਊ ਸੈੱਸ ਲੈਣਾ ਬੰਦ ਕਰੇ। ਉਨ੍ਹਾਂ ਨੇ ਕਿਹਾ ਕਿ ਸਿਆਸੀ ਸ਼ਹਿ ’ਤੇ ਗਊਸ਼ਾਲਾ ਦੇ ਨਾਂ ਹੇਠ ਧੰਦਾ ਚੱਲ ਰਿਹਾ ਹੈ ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਦ ਤੱਕ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਗਊ ਸੈੱਸ ਦੇ ਨਾਂ ਹੇਠ ਹਰੇਕ ਮਹੀਨੇ ਕਰੋੜਾਂ ਰੁਪਏ ਵਸੂਲ ਰਹੀ ਹੈ ਪਰ ਆਵਾਰਾ ਘੁੰਮ ਰਹੇ ਲਾਵਾਰਿਸ ਪਸ਼ੂਆਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕਰਦੀ। ਉਨ੍ਹਾਂ ਨੇ ਕਿਹਾ ਕਿ ਇਹ ਅਵਾਰਾ ਪਸ਼ੂ ਜਿਥੇ ਆਮ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ। ਉਥੇ ਇਹ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 90 ਹਜ਼ਾਰ ਦੇ ਕਰੀਬ ਅਵਾਰਾ ਪਸ਼ੂ ਸੜਕਾਂ ’ਤੇ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਵਿੱਚ 150 ਦੇ ਕਰੀਬ ਹਰ ਸਾਲ ਆਪਣੀ ਜਾਨ ਗਵਾਉਂਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈਂ ਵਾਰ ਅਵਾਰਾ ਪਸ਼ੂ ਵੀ ਮਾਰੇ ਜਾਂਦੇ ਹਨ। ਇਸ ਮੌਕੇ ਕਰਮਜੀਤ ਚੌਹਾਨ, ਕਮਲਜੀਤ ਸਿੰਘ ਲੋਹਗੜ੍ਹ, ਰੋਮਨ ਸੈਣੀ, ਵਿਕਾਸ ਬਾਂਸਲ, ਗੋਲਡੀ ਬਾਂਸਲ, ਸੁਰੇਸ਼ ਸੈਣੀ, ਖੀਰਾ ਸਿੰਘ, ਸਵਰਨਜੀਤ ਕੌਰ ਸਣੇ ਹੋਰ ਹਾਜ਼ਰ ਸਨ।
ਕੈਪਸ਼ਨ: ‘ਆਪ’ ਦੇ ਯੂਥ ਵਿੰਗ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦਾ ਦ੍ਰਿਸ਼।- ਫੋਟੋ: ਰੂਬਲ