ਕਰਮਜੀਤ ਸਿੰਘ ਚਿੱਲਾ
ਬਨੂੜ, 21 ਅਪਰੈਲ
ਪਿੰਡ ਖਲੌਰ ਨੇ ਕੁਝ ਨੌਜਵਾਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਪਣੇ ਖਰਚੇ ਉੱਤੇ ਇੱਕ ਅਧਿਆਪਕਾ ਰੱਖੀ ਹੈ। ਸਕੂਲ ਦੀਆਂ ਪੰਜ ਕਲਾਸਾਂ ਦੇ 70 ਵਿਦਿਆਰਥੀਆਂ ਨੂੰ ਪਹਿਲਾਂ ਸਿਰਫ਼ ਇੱਕੋ ਅਧਿਆਪਕਾ ਪੜ੍ਹਾ ਰਹੀ ਹੈ। ਪਿੰਡ ਵਾਸੀਆਂ ਵੱਲੋਂ ਲੰਮੇਂ ਸਮੇਂ ਤੋਂ ਸਿੱਖਿਆ ਵਿਭਾਗ ਕੋਲੋਂ ਸਕੂਲ ਵਿੱਚ ਇੱਕ ਹੋਰ ਅਧਿਆਪਕ ਭੇਜੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੀ ਮੰਗ ਨੂੰ ਅਮਲੀ ਜਾਮਾ ਨਾ ਪਹਿਨਾਏ ਜਾਣ ਕਾਰਨ ਹੁਣ ਨੌਜਵਾਨਾਂ ਨੇ ਆਪਣੀ ਜੇਬ ਵਿੱਚੋਂ ਹੀ ਇਹ ਉਪਰਾਲਾ ਕੀਤਾ ਹੈ।
ਪਿੰਡ ਦੇ ਨੰਬਰਦਾਰ ਸਤਨਾਮ ਸਿੰਘ ਸੱਤਾ, ਠੇਕੇਦਾਰ ਸ਼ੇਰ ਸਿੰਘ, ਇੰਦਰਜੀਤ ਈਸਾਪੂਰੀਆ ਰਿੰਕੂ ਤੇ ਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੀ ਪੋਸਟ ਗਰੈਜੂਏਟ ਲੜਕੀ ਕੋਮਲਜੀਤ ਕੌਰ ਨੂੰ ਸਕੂਲ ਵਿੱਚ ਰੱਖਿਆ ਹੈ। ਅਧਿਆਪਕਾ ਨੂੰ ਆਪਣੀ ਜੇਬ ਵਿੱਚੋਂ ਇੱਕ ਮਹੀਨੇ ਦੀ ਤਨਖਾਹ ਐਡਵਾਂਸ ਵਿੱਚ ਅਦਾ ਕਰ ਦਿੱਤੀ ਹੈ ਤੇ ਭਵਿੱਖ ਵਿੱਚ ਵੀ ਜਦੋਂ ਤੱਕ ਸਿੱਖਿਆ ਵਿਭਾਗ ਸਕੂਲ ਵਿੱਚ ਅਧਿਆਪਕ ਨਹੀਂ ਭੇਜਦਾ, ਉਦੋਂ ਤੱਕ ਸਬੰਧਿਤ ਲੜਕੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਏਗੀ ਤੇ ਤਨਖਾਹ ਉਹ ਖੁਦ ਦੇਣਗੇ। ਉਨ੍ਹਾਂ ਇਹ ਕਦਮ ਬੱਚਿਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਸੱਤਰ ਬੱਚਿਆਂ ਨੂੰ ਇੱਕ ਅਧਿਆਪਕਾ ਵੱਲੋਂ ਇਕੱਠਿਆਂ ਪੜਾਉਣਾ ਬੇਹੱਦ ਔਖਾ ਸੀ।