ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 25 ਅਪਰੈਲ
ਪਿੰਡ ਪੰਡਵਾਲਾ ਵਿੱਚ ਇੱਕ ਨੌਜਵਾਨ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਵਰਨ ਸਿੰਘ (29) ਵਜੋਂ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਪਹਿਲਾਂ ਭੰਗੜਾ ਗਰੁੱਪ ਵਿੱਚ ਕੰਮ ਕਰਦਾ ਸੀ।
ਕਰੋਨਾ ਕਾਲ ਦੌਰਾਨ ਉਸਦਾ ਕੰਮ ਛੁੱਟ ਗਿਆ ਸੀ ਜਿਸ ਮਗਰੋਂ ਉਹ ਲੁਧਿਆਣਾ ਵਿੱਚ ਟੈਕਸੀ ਚਲਾਉਣ ਲੱਗ ਗਿਆ ਪਰ ਉਸਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ ਤੇ ਉਹ ਵਿੱਤੀ ਤੰਗੀ ਨਾਲ ਜੂਝ ਰਿਹਾ ਸੀ। ਮ੍ਰਿਤਕ ਦੀ ਮਾਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਲੁਧਿਆਣਾ ਤੋਂ ਘਰ ਆਇਆ ਸੀ ਅਤੇ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸੀ। ਲੰਘੀ ਦੁਪਹਿਰ ਉਹ ਉਸਦੇ ਕਮਰੇ ਵਿੱਚ ਰੋਟੀ ਦੇਣ ਲਈ ਗਈ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸੇ ਤਰ੍ਹਾਂ ਪੀਰਮੁਛੱਲਾ ਖੇਤਰ ਦੇ ਵਸਨੀਕ ਇੱਕ ਬਜ਼ੁਰਗ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 60 ਸਾਲਾ ਜੈ ਭਗਵਾਨ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਢਕੋਲੀ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਨੇ ਬਿਆਨ ਵਿੱਚ ਦੱਸਿਆ ਕਿ ਉਸਦੇ ਪਿਤਾ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।